ਗੁਰਨਾਮ ਸਿੰਘ ਚੌਹਾਨ
ਪਾਤੜਾਂ, 23 ਅਪਰੈਲ
ਇੱਥੋਂ ਦੀ ਪੁਲੀਸ ਨੇ ਅੱਜ ਲਗਜ਼ਰੀ ਕਾਰਾਂ ’ਤੇ ਜਾਅਲੀ ਨੰਬਰ ਪਲੇਟਾਂ ਲਾ ਕੇ ਲੋਕਾਂ ਨੂੰ ਵੇਚਣ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਦੋ ਕਾਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਫ਼ਿਲਹਾਲ ਗਰੋਹ ਦਾ ਮੁੱਖ ਸਰਗਨਾ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ, ਜਿਸ ਨੂੰ ਗਿ੍ਰਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।
ਪਾਤੜਾਂ ਦੇ ਡੀਐੱਸਪੀ ਰਛਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਰਾਜਵੀਰ ਸਿੰਘ ਨੇ ਪੁਲੀਸ ਪਾਰਟੀ ਨਾਲ ਨੱਬੇ ਫੁੱਟੀ ਸੜਕ ਦੇ ਟੀ ਪੁਆਇੰਟ ’ਤੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਕੁਝ ਵਿਅਕਤੀ ਅਲੱਗ-ਅਲੱਗ ਥਾਵਾਂ ਤੋਂ ਕਾਰਾਂ ਚੋਰੀ ਕਰ ਕੇ ਉਨ੍ਹਾਂ ਦੀ ਜਾਅਲੀ ਆਰ.ਸੀ. ਬਣਾ ਕੇ ਅਤੇ ਚੈਸੀ ਨੰਬਰ ’ਤੇ ਪੰਚ ਕਰਨ ਮਗਰੋਂ ਜਾਅਲੀ ਨੰਬਰ ਪਲੇਟਾਂ ਲਗਾ ਕੇ ਅੱਗੇ ਵੇਚਦੇ ਹਨ। ਇਨ੍ਹਾਂ ’ਚੋਂ ਨਿਖਿਲ ਗੋਇਲ, ਮਾਸਟਰ ਸੁਖਵਿੰਦਰ ਸਿੰਘ ਅਤੇ ਪ੍ਰੇਮ ਸਿੰਗਲਾ ਬਾਈਪਾਸ ’ਤੇ ਚੋਰੀ ਕੀਤੀਆਂ ਦੋ ਕਾਰਾਂ ਵੇਚਣ ਲਈ ਖੜ੍ਹੇ ਹਨ। ਪੁਲੀਸ ਨੇ ਇਨ੍ਹਾਂ ਤਿੰਨਾਂ ਮੁਲਜ਼ਮਾਂ ਨੂੰ ਦੋਵਾਂ ਗੱਡੀਆਂ ਸਮੇਤ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛ-ਪੜਤਾਲ ਦੌਰਾਨ ਪਤਾ ਲੱਗਿਆ ਕਿ ਗਰੋਹ ਦਾ ਮੁੱਖ ਸਰਗਨਾ ਜਸਵੀਰ ਸਿੰਘ ਉਰਫ ਸੋਨੀ ਬਾਬਾ ਵਾਸੀ ਸੰਗਰੂਰ ਹੈ, ਜੋ ਹਾਲੇ ਫਰਾਰ ਹੈ। ਉਸ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਪੁਲੀਸ ਅਨੁਸਾਰ ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲੀਸ ਨੇ ਦੱਸਿਆ ਕਿ ਤਿੰਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਤਿੰਨ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕਰ ਕੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਪੜਤਾਲ ਦੌਰਾਨ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।