ਰਵੀ ਧਾਲੀਵਾਲ
ਧਾਰੀਵਾਲ (ਗੁਰਦਾਸਪੁਰ), 23 ਦਸੰਬਰ
ਗੁਰਦਾਸਪੁਰ ਜ਼ਿਲ੍ਹੇ ਦੇ ਧਾਰੀਵਾਲ ਵਿੱਚ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਬੁੱਧਵਾਰ ਨੂੰ ਸਲਫਾਸ ਦੀਆਂ ਗੋਲੀਆਂ ਖਾ ਕੇ ਕਥਿਤ ਤੌਰ ‘ਤੇ ਖ਼ੁਦਕੁਸ਼ੀ ਕਰ ਲਈ।
ਨਰੇਸ਼ ਸ਼ਰਮਾ, ਉਸ ਦੀ ਪਤਨੀ ਭਾਰਤੀ ਅਤੇ 17 ਸਾਲ ਦੀ ਧੀ ਮਾਨਸੀ ਨੇ ਅਜਿਹਾ ਕਦਮ ਚੁੱਕਣ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਲਾਈਵ ਹੋਏ। ਉਨ੍ਹਾਂ ਦੋਸ਼ ਲਾਇਆ ਕਿ ਭਾਰਤੀ ਦਾ ਭਰਾ ਪ੍ਰਦੀਪ ਸ਼ਰਮਾ, ਜੋ ਸ਼ਿਵ ਸੈਨਾ (ਹਿੰਦੁਸਤਾਨ) ਦਾ ਨੇਤਾ ਹੈ, ਵਿੱਤੀ ਵਿਵਾਦ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ।
ਭਾਰਤੀ ਨੇ ਉਨ੍ਹਾਂ ਨੌਂ ਲੋਕਾਂ ਦੇ ਨਾਮ ਲਏ ਜਿਹੜੇ ਪਿਛਲੇ ਕੁਝ ਦਿਨਾਂ ਤੋਂ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਸਨ। ਪੁਲੀਸ ਨੇ ਧਾਰੀਵਾਲ ਥਾਣੇ ਵਿਖੇ ਧਾਰਾ 306 ਤਹਿਤ ਐਫਆਈਆਰ ਦਰਜ ਕੀਤੀ ਹੈ। ਐੱਸਐਸਪੀ ਰਜਿੰਦਰ ਸਿੰਘ ਸੋਹਲ ਸਮੇਤ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚੇ। ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਮ੍ਰਿਤਕ ਜੋੜੇ ਦੇ ਬੇਟੇ ਕੁਨਾਲ ਨੇ ਦਾਅਵਾ ਕੀਤਾ ਕਿ ਮੁਲਜ਼ਮ ਪ੍ਰਦੀਪ ਉਸ ਦੇ ਮਾਪਿਆਂ ਤੇ ਭੈਣ ਨੂੰ “ਬਕਾਏ ਦੀ ਅਦਾਇਗੀ ਨਾ ਕਰਨ” ਕਰਕੇ ਤੰਗ ਕਰ ਰਿਹਾ ਸੀ। ਉਸ ਨੇ ਦਾਅਵਾ ਕੀਤਾ ਕਿ ਪਰਿਵਾਰ ਕਿਸੇ ਦਾ ਕੋੲਂ ਪੈਸਾ ਨਹੀਂ ਦੇਣਾ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪ੍ਰਦੀਪ ਨੇ ਪਿਛਲੇ ਹਫਤੇ ਪਰਿਵਾਰ ਨੂੰ ਸਲਫਾਸ ਦੀਆਂ ਗੋਲੀਆਂ ਦਾ ਪੈਕੇਟ ਕਥਿਤ ਤੌਰ ‘ਤੇ ਦਿੰਦਿਆਂ ਕਿਹਾ ਸੀ ਕਿ ਜਾਂ ਤਾਂ ਉਹ ਗੋਲੀਆਂ ਖਾ ਲੈਣ ਜਾਂ ਫੇਰ ਪੈਸੇ ਮੋੜਨ।