ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 18 ਅਗਸਤ
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਪੁਲੀਸ ਨੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ 3 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਕੀਤੀਆਂ 40 ਕਾਰਾਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਭੁੱਲਰ ਡੀਆਈਜੀ ਰੂਪਨਗਰ ਰੇਂਜ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਰਵਜੋਤ ਗਰੇਵਾਲ ਦੇ ਦਿਸ਼ਾ-ਨਿਰਦੇਸ਼ਾ ਹੇਠ ਪੁਲੀਸ ਨੇ ਸਕਰੈਪ ਦੀਆਂ ਕਾਰਾਂ ਜਾਲਸਾਜ਼ੀ ਅਧੀਨ ਵੇਚਣ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਮਾਰੂਤੀ ਸਜ਼ੂਕੀ ਕੰਪਨੀ ਦੀਆਂ 87 ਕਾਰਾਂ ਜੋ ਕੰਪਨੀ ਵੱਲੋਂ ਸਕਰੈਪ ਵਿਚ ਵੇਚ ਦਿੱਤੀਆਂ ਗਈਆਂ ਸਨ, ਦੇ ਫਰਜ਼ੀ ਕਾਗਜ਼ ਬਣਾ ਕੇ ਧੋਖੇ ਨਾਲ ਲੋਕਾਂ ਨੂੰ ਵੇਚਣ ਵਾਲੇ 2 ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 40 ਕਾਰਾਂ ਬਰਾਮਦ ਕੀਤੀਆਂ। ਉਨ੍ਹਾਂ ਦੱਸਿਆ ਕਿ ਬੀਤੀ 3 ਅਗਸਤ ਨੂੰ ਸੀ.ਆਈ.ਏ ਸਰਹਿੰਦ ਪਾਸ ਮੁਖਬਰੀ ਹੋਈ ਸੀ ਕਿ ਮਾਰੂਤੀ ਦੀਆਂ 87 ਕਾਰਾਂ ਸਕਰੈਪ ਕਰਾਰ ਦੇ ਕੇ ਕੰਪਨੀ ਵੱਲੋਂ ਮੈਸ. ਪੁਨੀਤ ਟ੍ਰੇਡਿੰਗ ਕੰਪਨੀ ਮਾਨਸਾ ਨੂੰ ਡਿਸਮੈਂਟਲ ਕਰਨ ਲਈ ਵੇਚ ਦਿੱਤੀਆਂ ਸਨ ਪ੍ਰੰਤੂ ਕੰਪਨੀ ਦੇ ਮਾਲਕ ਪੁਨੀਤ ਗੋਇਲ, ਉਸ ਪਿਤਾ ਰਾਜਪਾਲ ਗੋਇਲ ਅਤੇ ਇਸ ਦੇ ਦੋਸਤ ਜਸਪ੍ਰੀਤ ਸਿੰਘ ਉਰਫ ਰਿੰਕੂ ਵਾਸੀਆਨ ਮਾਨਸਾ ਵੱਲੋਂ ਜਾਲਸਾਜ਼ੀ ਨਾਲ ਇਨ੍ਹਾਂ ਕਾਰਾਂ ਦੇ ਇੰਜਣ ਅਤੇ ਚੈਸੀ ਨੰਬਰ ਟੈਂਪਰ ਕਰਕੇ ਫਰਜ਼ੀ ਕਾਗਜ਼ ਬਣਾ ਕੇ ਪੰਜਾਬ, ਅਰੁਣਾਚਲ ਪ੍ਰਦੇਸ਼, ਯੂ.ਪੀ ਅਤੇ ਮਹਾਂਰਾਸ਼ਟਰ ਸੂਬਿਆਂ ਵਿਚ ਵੇਚ ਦਿੱਤੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਲਾਫ਼ ਧਾਰਾ 420, 465, 467, 468, 471, 473, 120ਬੀ ਆਈ.ਪੀ.ਸੀ ਅਧੀਨ ਸਰਹਿੰਦ ਵਿਖੇ ਕੇਸ ਦਰਜ ਕਰਕੇ ਇਸ ਦੀ ਤਫ਼ਤੀਸ਼ ਸੀ.ਆਈ.ਏ ਸਰਹਿੰਦ ਹਵਾਲੇ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨਾਲ ਮੁਕੱਦਮੇ ਵਿਚ ਏਜੰਟ ਨਵੀਨ ਕੁਮਾਰ ਵਾਸੀ ਬਠਿੰਡਾ ਨੂੰ ਵੀ ਸ਼ਾਮਲ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਪਾਸੋਂ ਵੇਚੀਆਂ 40 ਕਾਰਾਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਰਾਜਪਾਲ ਗੋਇਲ, ਜਸਪ੍ਰੀਤ ਸਿੰਘ ਅਤੇ ਨਵੀਨ ਕੁਮਾਰ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਜਦੋਂਕਿ ਕਥਿਤ ਦੋਸ਼ੀ ਪੁਨੀਤ ਗੋਇਲ ਦੀ ਗ੍ਰਿਫਤਾਰੀ ਬਾਕੀ ਹੈ।