ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 8 ਜਨਵਰੀ
ਇੱਥੋਂ ਦੀ ਪੁਲੀਸ ਨੇ 19 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ ਦੀ ਜਾਂਚ ਕਰਦਿਆਂ ਮੰਨੂ ਮਹਾਵਾ ਗਰੋਹ ਦੇ ਤਿੰਨ ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਸਾਢੇ ਤਿੰਨ ਕਿੱਲੋ ਹਹੈਰੋਇਨ ਬਰਾਮਦ ਕੀਤੀ ਹੈ। ਇਸ ਕੇਸ ਵਿੱਚ ਹੁਣ ਤਕ 22.5 ਕਿੱਲੋ ਹੈਰੋਇਨ ਬਰਾਮਦ ਹੋ ਚੁੱਕੀ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਕੇਸ ਵਿਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬਲਰਾਜ ਸਿੰਘ ਉਰਫ ਕਾਕਾ, ਅਨਮੋਲ ਸਿੰਘ ਉਰਫ ਲਾਲੂ ਅਤੇ ਸਰਬਜੀਤ ਸਿੰਘ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਗਿਣਤੀ ਹੁਣ 10 ਹੋ ਗਈ ਹੈ। ਪੁਲੀਸ ਨੇ ਇਨ੍ਹਾਂ ਕੋਲੋਂ .30 ਬੋਰ ਦੇ 10 ਕਾਰਤੂਸ ਅਤੇ 9 ਐਮ.ਐਮ ਦੇ 9 ਕਾਰਤੂਸ ਅਤੇ ਇੱਕ ਕਾਰ ਵੀ ਬਰਾਮਦ ਕੀਤੀ ਹੈ।
ਪੁਲੀਸ ਨੇ ਲਗਪਗ ਹਫ਼ਤਾ ਪਹਿਲਾਂ ਅਮਰੀਕਾ ਸਥਿਤ ਤਸਕਰ ਮਨਪ੍ਰੀਤ ਉਰਫ਼ ਮੰਨੂ ਮਹਾਵਾ ਵੱਲੋਂ ਚਲਾਏ ਜਾ ਰਹੇ ਸਰਹੱਦ ਪਾਰੋਂ ਨਸ਼ਾ ਅਤੇ ਹਥਿਆਰ ਤਸਕਰੀ ਰੈਕੇਟ ਦਾ ਪਰਦਾਫਾਸ਼ ਕੀਤਾ ਸੀ। ਪਹਿਲਾਂ ਪੁਲੀਸ ਨੇ ਦੋ ਮੁੱਖ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 19 ਕਿਲੋ ਹੈਰੋਇਨ, 23 ਲੱਖ ਰੁਪਏ ਦੀ ਡਰੱਗ ਮਨੀ, 7 ਪਿਸਤੌਲਾਂ ਆਦਿ ਬਰਾਮਦ ਕੀਤੇ ਸਨ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਲੋੜੀਂਦੇ ਮੁਲਜ਼ਮ ਅਨਮੋਲ ਸਿੰਘ ਉਰਫ਼ ਲਾਲੂ ਤੇ ਉਸ ਦੇ ਸਾਥੀਆਂ ਦੇ ਸੁਲਤਾਨਵਿੰਡ ਦੇ ਇਲਾਕੇ ਵਿੱਚ ਹੋਣ ਦੀ ਸੂਹ ਮਿਲੀ ਸੀ ਜਿਸ ਤੋਂ ਬਾਅਦ ਡੀਸੀਪੀ ਹਰਪ੍ਰੀਤ ਸਿੰਘ ਮੰਡੇਰ, ਏਡੀਸੀਪੀ ਸਿਟੀ ਅਭਿਮੰਨਿਊ ਰਾਣਾ, ਏਸੀਪੀ ਸਰਬਜੀਤ ਸਿੰਘ ਬਾਜਵਾ ਦੀ ਨਿਗਰਾਨੀ ਵਿੱਚ ਸੀਆਈਏ ਸਟਾਫ਼ ਦੀ ਟੀਮ ਨੇ ਵਿਸ਼ੇਸ਼ ਨਾਕਾਬੰਦੀ ਕਰ ਕੇ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਮੁੱਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਇਹ ਸਾਰੇ ਪਾਕਿਸਤਾਨ ਰਹਿੰਦੇ ਤਸਕਰ ਸ਼ਾਹ ਤੇ ਅਮਰੀਕਾ ਰਹਿੰਦੇ ਮੰਨੂ ਮਹਾਵਾ ਦੇ ਸਿੱਧੇ ਸੰਪਰਕ ਵਿੱਚ ਸਨ।