ਮਹਿੰਦਰ ਸਿੰਘ ਰੱਤੀਆਂ
ਮੋਗਾ, 17 ਅਗਸਤ
ਇੱਥੇ ਜ਼ਿਲ੍ਹਾ ਸਕੱਤਰੇਤ ਦੀ ਇਮਾਰਤ ਉੱਪਰ ਖ਼ਾਲਿਸਤਾਨੀ ਝੰਡਾ ਝੁਲਾਉਣ ਅਤੇ ਕੌਮੀ ਤਿਰੰਗੇ ਦੀ ਬੇਅਦਬੀ ਕਰਨ ਦੇ ਮਾਮਲੇ ਵਿੱਚ ਤਿੰਨ ਥਾਣੇਦਾਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਵਿਭਾਗ ਵਲੋਂ ਇਹ ਕਾਰਵਾਈ ਮੁਲਜ਼ਮਾਂ ਦੀ ਪੈੜ ਨੱਪਣ ਮਗਰੋਂ ਕੀਤੀ ਗਈ ਦੱਸੀ ਜਾਂਦੀ ਹੈ। ਪੁਲੀਸ ਇਸ ਘਟਨਾ ਬਾਰੇ ਭਲਕੇ ਖ਼ੁਲਾਸਾ ਕਰ ਸਕਦੀ ਹੈ।
ਸੀਸੀਟੀਵੀ ਕੈਮਰੇ ’ਚ ਆਜ਼ਾਦੀ ਦਿਹਾੜਾ ਮਨਾਉਣ ਤੋਂ ਕਰੀਬ 24 ਘੰਟੇ ਪਹਿਲਾਂ ਸਵੇਰੇ 8:30 ਵਜੇ ਦੋ ਨੌਜਵਾਨ ਬੇਖੌਫ਼ ਹੋ ਕੇ ਸਕੱਤਰੇਤ ਅੰਦਰ ਦਾਖ਼ਲ ਹੁੰਦੇ ਦਿਖਾਈ ਦੇ ਰਹੇ ਹਨ। ਇਸ ਫੁਟੇਜ ਦੇ ਆਧਾਰ ਉੱਤੇ ਪੁਲੀਸ ਨੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕੀਤੀ ਹੈ। ਸੀਆਈਏ ਸਟਾਫ ਵਲੋਂ ਕਰੀਬ ਇੱਕ ਦਰਜਨ ਸ਼ੱਕੀ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਗਈ। ਪੁਲੀਸ ਸੂਤਰਾਂ ਦਾ ਦਾਅਵਾ ਹੈ ਕਿ ਹਿਰਾਸਤ ਵਿੱਚ ਲਏ ਚਾਰ ਨੌਜਵਾਨਾਂ ਉੱਤੇ ਸ਼ੱਕ ਹੈ। ਇੱਥੇ ਸਕੱਤਰੇਤ ਉਤੇ ਖਾਲਿਸਤਾਨ ਦਾ ਝੰਡਾ ਝੁਲਾਉਣ ਦੀ ਘਟਨਾ ਮਗਰੋਂ ਸੰਤਰੀ ਦੀ ਡਿਊਟੀ ਲਈ ਤਾਇਨਾਤ ਤਿੰਨੋਂ ਥਾਣੇਦਾਰਾਂ ਗਾਰਦ ਇੰਚਾਰਜ ਧਲਵਿੰਦਰ ਸਿੰਘ, ਨਿਰਮਲ ਸਿੰਘ, ਮੱਖਣ ਸਿੰਘ (ਤਿੰਨੋਂ ਏਐੱਸਆਈ) ਦੀ ਬਦਲੀ ਕਰ ਦਿੱਤੀ ਗਈ ਸੀ ਅਤੇ ਹੁਣ ਪਿਛਲੀ ਤਰੀਕ ’ਚ ਮੁਅੱਤਲ ਕੀਤਾ ਗਿਆ ਹੈ। ਇੱਥੇ ਸਕੱਤਰੇਤ ’ਚ ਹੁਣ ਪ੍ਰਿਤਪਾਲ ਸਿੰਘ ਏਐੱਸਆਈ ਦੀ ਅਗਵਾਈ ਹੇਠ ਕੁਇੱਕ ਰਿਐਕਸ਼ਨ ਟੀਮ (ਕਿਊਆਰਟੀ) ਦੇ ਚਾਰ ਸਿਪਾਹੀਆਂ ਨੂੰ ਸੁਰੱਖਿਆ ਕਮਾਂਡ ਸੌਂਪੀ ਗਈ ਹੈ। ਪੁਲੀਸ ਨੇ ‘ਰੈਫਰੈਂਡਮ 2020’ ਉੱਪਰ ਸ਼ਿਕੰਜਾ ਕੱਸ ਦਿੱਤਾ ਹੈ। ਪਿੰਡ ਢੁੱਡੀਕੇ ਵਿਚ ਧਾਰਮਿਕ ਸਥਾਨ ਅੰਦਰ ਖਾਲਿਸਤਾਨ ਦਾ ਝੰਡਾ ਝੁਲਾਉਣ ਮਗਰੋਂ ਭਾਰਤ ਸਰਕਾਰ ਵੱਲੋਂ ਅਤਿਵਾਦੀ ਐਲਾਨੇ ਜਾ ਚੁੱਕੇ ਸਿੱਖਸ ਫਾਰ ਜਸਟਿਸ (ਐੱਸਜੇਐੱਫ) ਦੇ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਵਾਇਰਲ ਕਰਕੇ ਝੰਡਾ ਝੁਲਾਉਣ ਵਾਲਿਆਂ ਨੂੰ ਪੰਜ ਹਜ਼ਾਰ ਅਮਰੀਕੀ ਡਾਲਰ ਦੇਣ ਦਾ ਐਲਾਨ ਕੀਤਾ ਹੈ। ਉਸ ਨੇ ਵੀਡੀਓ ’ਚ ਸਿੱਖ ਕੌਮ ਦੀ ਸ਼ਲਾਘਾ ਕੀਤੀ ਹੈ।
ਜਿ਼ਲ੍ਹੇ ਨੂੰ ਤਿੰਨ ਜ਼ੋਨਾਂ ਵਿੱਚ ਵੰਡ ਕੇ ਰੈਫਰੈਂਡਮ 2020 ’ਤੇ ਸਿ਼ਕੰਜਾ ਕੱਸਿਆ
ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਨੇ ਜ਼ਿਲ੍ਹੇ ਨੂੰ ਤਿੰਨ ਜ਼ੋਨਾਂ ਵਿੱਚ ਵੰਡਕੇ ‘ਰੈਫਰੈਂਡਮ 2020’ ਉੱਪਰ ਸ਼ਿਕੰਜਾ ਕੱਸਦਿਆਂ ਕਿਹਾ ਕਿ ਐੱਸਪੀਜ਼ ਤੇ ਡੀਐੱਸਪੀਜ਼ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਲਈ ਆਪੋ-ਆਪਣੀ ਜ਼ੋਨ ਵਿੱਚ ਪੁਖ਼ਤਾ ਸੁਰੱਖਿਆ ਪ੍ਰਬੰਧਾਂ ਜ਼ਿੰਮੇਵਾਰ ਹੋਣਗੇ। ਐੱਸਪੀ (ਪੀਬੀਆਈ) ਐੱਚਪੀਐੱਸ ਪਰਮਾਰ ਨੂੰ ਸਬ ਡਿਵੀਜ਼ਨ ਧਰਮਕੋਟ, ਐੱਸਪੀ (ਐੱਚ) ਗੁਰਦੀਪ ਸਿੰਘ ਨੂੰ ਮੋਗਾ ਸਬ ਡਿਵੀਜ਼ਨ ਅਤੇ ਐੱਸਪੀ (ਜਾਂਚ) ਜਗਤਪ੍ਰੀਤ ਸਿੰਘ ਨੂੰ ਬਾਘਾਪੁਰਾਣਾ ਤੇ ਨਿਹਾਲ ਸਿੰਘ ਵਾਲਾ ਦੀ ਕਮਾਂਡ ਸੌਂਪੀ ਗਈ ਹੈ। ਇਸੇ ਤਰ੍ਹਾਂ ਡੀਐੱਸਪੀ (ਸਿਟੀ) ਬੀਐੱਸ ਭੁੱਲਰ ਨੂੰ ਥਾਣਾ ਸਿਟੀ, ਥਾਣਾ ਦੱਖਣੀ ਸਿਟੀ, ਡੀਐੱਸਪੀ ਧਰਮਕੋਟ ਸੁਬੇਗ ਸਿੰਘ ਨੂੰ ਥਾਣਾ ਧਰਮਕੋਟ ਅਤੇ ਥਾਣਾ ਫਤਿਹਗੜ੍ਹ ਪੰਜਤੂਰ, ਡੀਐੱਸਪੀ ਲਖਵਿੰਦਰ ਸਿੰਘ ਨੂੰ ਥਾਣਾ ਮਹਿਣਾ ਤੇ ਥਾਣਾ ਕੋਟ ਈਸੇ ਖਾਂ, ਡੀਐੱਸਪੀ ਬਾਘਾਪੁਰਾਣਾ ਜਸਬਿੰਦਰ ਸਿੰਘ ਖਹਿਰਾ ਨੂੰ ਥਾਣਾ ਬਾਘਾਪੁਰਾਣਾ ਤੇ ਡੀਐੱਸਪੀ ਮਨਜੀਤ ਸਿੰਘ ਨੂੰ ਥਾਣਾ ਸਮਾਲਸਰ, ਡੀਐੱਸਪੀ ਨਿਹਾਲ ਸਿੰਘ ਵਾਲਾ ਮਨਮੋਹਣ ਸਿੰਘ ਔਲਖ ਨੂੰ ਥਾਣਾ ਨਿਹਾਲ ਸਿੰਘ ਵਾਲਾ, ਡੀਐੱਸਪੀ ਰਮਨਦੀਪ ਸਿੰਘ ਭੁੱਲਰ ਨੂੰ ਥਾਣਾ ਅਜੀਤਵਾਲ ਤੇ ਥਾਣਾ ਬੱਧਨੀ ਕਲਾਂ ਡੀਐੱਸਪੀ ਸਾਈਬਰ ਕ੍ਰਾਇਮ ਸੁਖਵਿੰਦਰ ਸਿੰਘ ਨੂੰ ਥਾਣਾ ਸਦਰ ਅਤੇ ਥਾਣਾ ਚੜਿੱਕ ਉਨ੍ਹਾਂ ਦੀ ਨਿਗਰਾਨੀ ਹੇਠ ਹੋਣਗੇ।