ਦਵਿੰਦਰ ਪਾਲ
ਚੰਡੀਗੜ੍ਹ, 10 ਮਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦਰਮਿਆਨ ਚੱਲ ਰਹੀ ਖਿੱਚੋਤਾਣ ਵਿਚਾਲੇ ਤਿੰਨ ਮੰਤਰੀਆਂ ਨੇ ਮੁੱਖ ਮੰਤਰੀ ਦੇ ਪੱਖ ’ਚ ਨਿੱਤਰਦਿਆਂ ਕਾਂਗਰਸ ਹਾਈ ਕਮਾਂਡ ਨੂੰ ਅਪੀਲ ਕੀਤੀ ਕਿ ਇਸ ਬਾਗੀ ਵਿਧਾਇਕ ਖਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ।
ਬ੍ਰਹਮ ਮਹਿੰਦਰਾ, ਸੁੰਦਰ ਸ਼ਾਮ ਅਰੋੜਾ ਅਤੇ ਸਾਧੂ ਸਿੰਘ ਧਰਮਸੋਤ ਦੇ ਨਾਂ ’ਤੇ ਜਾਰੀ ਹੋਏ ਬਿਆਨ ਰਾਹੀਂ ਸਿੱਧੂ ਵੱਲੋਂ ਮੁੱਖ ਮੰਤਰੀ ਨੂੰ ਲਗਾਤਾਰ ਨਿਸ਼ਾਨਾ ਬਣਾਏ ਜਾਣ ਨੂੰ ਅਨੁਸ਼ਾਸਨਹੀਣਤਾ ਅਤੇ ਸੂਬੇ ਦੀ ਕਾਂਗਰਸ ਸਰਕਾਰ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਦੱਸਦੇ ਹੋਏ ਇਨ੍ਹਾਂ ਮੰਤਰੀਆਂ ਨੇ ਕਿਹਾ ਕਿ ਵਿਧਾਇਕ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਉੱਤੇ ਨਿੱਜੀ ਹਮਲੇ ਕਰਨਾ ਪਾਰਟੀ ਵਿਰੋਧੀ ਕਾਰਾ ਹੈ। ਮੰਤਰੀਆਂ ਨੇ ਕਿਹਾ ਕਿ ਸਿੱਧੂ ਵੱਲੋਂ ਮੁੱਖ ਮੰਤਰੀ ਖਿਲਾਫ਼ ਲਗਾਤਾਰ ਕੀਤੀਆਂ ਜਾ ਰਹੀਆਂ ਟਿੱਪਣੀਆਂ ਨੂੰ ਇੱਕ ਲੋਕਤੰਤਰੀ ਪਾਰਟੀ ਦੇ ਨਾਰਾਜ਼ ਮੈਂਬਰ ਦਾ ਗੁੱਸਾ ਕਹਿ ਕੇ ਹੁਣ ਹੋਰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਖੁੱਲ੍ਹੀ ਬਗਾਵਤ ਉਸ ਵੇਲੇ ਕਾਂਗਰਸ ਦੇ ਹਿੱਤਾਂ ਨੂੰ ਢਾਹ ਲਾ ਰਹੀ ਹੈ ਜਦੋਂ ਅਸੈਂਬਲੀ ਚੋਣਾਂ ਵਿੱਚ ਇੱਕ ਸਾਲ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ।
ਮੰਤਰੀਆਂ ਨੇ ਕਿਹਾ ਕਿ ਜੇਕਰ ਸਿੱਧੂ ਖ਼ਿਲਾਫ਼ ਹੁਣ ਕਾਰਵਾਈ ਨਾ ਕੀਤੀ ਗਈ ਤਾਂ ਇਸ ਨਾਲ ਪਾਰਟੀ ਦੀ ਸੂਬਾ ਇਕਾਈ ਵਿੱਚ ਬਦਅਮਨੀ ਫੈਲੇਗੀ। ਉਨ੍ਹਾਂ ਕਿਹਾ ਕਿ ਇਹ ਹੁਣ ਸਪੱਸ਼ਟ ਹੋ ਚੁੱਕਿਆ ਹੈ ਕਿ ਸਿੱਧੂ ਦੀ ਨੀਅਤ ਠੀਕ ਨਹੀਂ ਹੈ ਅਤੇ ਉਸ ਨੂੰ ਸਿਰਫ਼ ਆਪਣੇ ਨਿੱਜੀ ਤੇ ਸਿਆਸੀ ਹਿੱਤਾਂ ਦੀ ਹੀ ਚਿੰਤਾ ਹੈ ਅਤੇ ਉਹ ਪੰਜਾਬ ’ਚ ਕੈਪਟਨ ਖਿਲਾਫ਼ ਮਾਹੌਲ ਸਿਰਜਣਾ ਚਾਹੁੰਦੇ ਹਨ। ਮੰਤਰੀਆਂ ਨੇ ਕਿਹਾ ਕਿ ਜੇਕਰ ਪਾਰਟੀ ਖ਼ਿਲਾਫ਼ ਲਗਾਤਾਰ ਹੋ ਰਹੇ ਕੂੜ ਪ੍ਰਚਾਰ ਨੂੰ ਰੋਕਣ ਲਈ ਕਦਮ ਨਾ ਚੁੱਕਿਆ ਗਿਆ ਤਾਂ ਇਸ ਨਾਲ ਹੋਰ ਬਾਗੀ ਤੇ ਉੱਚਾ ਉੱਡਣ ਦੇ ਚਾਹਵਾਨ ਮੈਂਬਰਾਂ ਨੂੰ ਖੁੱਲ੍ਹੇ ਤੌਰ ਉੱਤੇ ਕਾਂਗਰਸ ਦੀ ਲੀਡਰਸ਼ਿਪ ਖ਼ਿਲਾਫ਼ ਆਵਾਜ਼ ਚੁੱਕਣ ਦੀ ਸ਼ਹਿ ਮਿਲੇਗੀ। ਮੰਤਰੀਆਂ ਵੱਲੋਂ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਇਹ ਅਪੀਲ ਕੀਤੀ ਗਈ ਕਿ ਇਸ ਬਗਾਵਤ ਨੂੰ ਸਮਾਂ ਰਹਿੰਦਿਆਂ ਹੀ ਠੱਲ੍ਹ ਪਾਈ ਜਾਵੇ।
ਕਸੂਰਵਾਰਾਂ ਨੂੰ ਸਜ਼ਾਵਾਂ ਨਾ ਦਿਵਾਉਣ ਲਈ ਸਿੱਧੂ ਵੀ ਜ਼ਿੰਮੇਵਾਰ: ਭੂੰਦੜ
ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਾਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ਸਬੰਧੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦਿਵਾਉਣ ਵਿੱਚ ਨਾਕਾਮ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਂਗ ਨਵਜੋਤ ਸਿੰਘ ਸਿੱਧੂ ਵੀ ਬਰਾਬਰ ਜ਼ਿੰਮੇਵਾਰ ਹੈ। ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿਘ ਭੂੰਦੜ ਨੇ ਕਿਹਾ ਕਿ ਇਹ ਦੋਵੇਂ ਕਾਂਗਰਸੀ ਆਗੂ ਹੁਣ ਕੇਸ ਵਿੱਚ ਨਿਆਂ ਮਿਲਣਾ ਯਕੀਨੀ ਬਣਾਉਣ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਥਾਂ ਮਾਮਲੇ ’ਤੇ ਰਾਜਨੀਤੀ ਕਰ ਰਹੇ ਹਨ।
ਭੂੰਦੜ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਨਵਜੋਤ ਸਿੱਧੂ ਚਾਰ ਸਾਲ ਲੰਘਣ ਮਗਰੋਂ ਹੁਣ ਬੇਅਦਬੀ ਦਾ ਮੁੱਦਾ ਸਿਰਫ਼ ਕੈਪਟਨ ਅਮਰਿੰਦਰ ਸਿੰਘ ਤੋਂ ਮੁੱਖ ਮੰਤਰੀ ਦੀ ਕੁਰਸੀ ਹਥਿਆਉਣ ਵਾਸਤੇ ਚੁੱਕ ਰਿਹਾ ਹੈ, ਜਦ ਕਿ ਪਿਛਲੇ ਸਾਲਾਂ ਦੌਰਾਨ ਉਸ ਨੇ ਕਸੂਰਵਾਰਾਂ ਨੂੰ ਸਜ਼ਾ ਦਿਵਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ।
ਸਿੱਧੂ ਕਾਂਗਰਸ ਵਿੱਚ ਰਹਿ ਕੇ ਪੰਜਾਬ ਦੀ ਸੇਵਾ ਨਹੀਂ ਕਰ ਸਕਦਾ: ਪੀਰ ਮੁਹੰਮਦ
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਅਕਾਲੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਹੈ ਕਿ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਾਂਗਰਸ ’ਚ ਰਹਿ ਕੇ ਪੰਜਾਬ ਦੀ ਸੇਵਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਪੰਜਾਬ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਅ ਕੇ ਆਗਾਮੀ ਚੋਣਾਂ ਜਿੱਤਣ ਲਈ ਕਾਂਗਰਸ ਦਾ ਮੋਹਰਾ ਤਾਂ ਹੋ ਸਕਦੇ ਹਨ ਪਰ ਕਾਂਗਰਸ ਉਨ੍ਹਾਂ ਨੂੰ ਮੁੱਖ ਮੰਤਰੀ ਕਦੇ ਨਹੀਂ ਬਣਾਵੇਗੀ। ਉਨ੍ਹਾਂ ਕਿਹਾ ਕਿ ਜੇ ਸੱਚਮੁਚ ਸਿੱਧੂ ਸੂਬੇ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕਾਂਗਰਸ ਤੋਂ ਬਾਹਰ ਆ ਕੇ ਪੰਜਾਬ ਦੇ ਲੋਕਾਂ ਨਾਲ ਖੜ੍ਹਨਾ ਚਾਹੀਦਾ ਹੈ। ਪੀਰ ਮੁਹੰਮਦ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਵਿਧਾਨ ਸਭਾ ਅਤੇ ਸੰਸਦੀ ਚੋਣਾਂ ਜਿੱਤਣ ਲਈ ਪੰਜਾਬ ਵਿੱਚ ਧਾਰਮਿਕ ਭਾਵਨਾਵਾਂ ਨਾਲ ਖੇਡਦੀ ਰਹਿੰਦੀ ਹੈ। ਉਨ੍ਹਾਂ ਸਿੱਧੂ ਦੀ ਲੰਮੀ ਚੁੱਪ ’ਤੇ ਵੀ ਸਵਾਲ ਚੁੱਕੇ।