ਮਨੋਜ ਸ਼ਰਮਾ
ਬਠਿੰਡਾ, 19 ਅਗਸਤ
ਇੱਥੋਂ ਦੇ ਬੀੜ ਤਲਾਬ ’ਚ ਸਥਿਤ ਚਿੜੀਆਘਰ ਵਿੱਚ ਦੁਰਲੱਭ ਕਿਸਮ ਦੀਆਂ ਤਿੰਨ ਛੋਟੀਆਂ ਹਿਰਨੀਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ, ਲੁਧਿਆਣਾ ਭੇਜੀਆਂ ਗਈਆਂ ਹਨ। ਡੀਅਰ ਸਫ਼ਾਰੀ ਅੰਦਰ ਹੋਈ ਹਿਰਨੀਆਂ ਦੀ ਮੌਤ ਨੂੰ ਕਿਸੇ ਖ਼ਤਰਨਾਕ ਬਿਮਾਰੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਡੀਅਰ ਸਫ਼ਾਰੀ ਅੰਦਰ ਚਾਰ ਦੁਰਲੱਭ ਪ੍ਰਜਾਤੀਆਂ ਨਾਲ ਸਬੰਧਤ 200 ਦੇ ਕਰੀਬ ਹਿਰਨ ਹਨ। ਇੱਕ ਵਣ ਅਧਿਕਾਰੀ ਨੇ ਦੱਸਿਆ ਕਿ ਮਰਨ ਵਾਲੀਆਂ ਹਿਰਨੀਆਂ ਦੀ ਉਮਰ ਤਿੰਨ ਤੋਂ 6 ਮਹੀਨਿਆਂ ਦੀ ਹੈ।
ਇਸ ਚਿੜੀਆਘਰ ਵਿੱਚ ਵੈਟਰਨਰੀ ਹਸਪਤਾਲ ਬਣਿਆ ਹੋਇਆ ਹੈ, ਜਿਸ ਨੂੰ ਲੰਮੇ ਸਮੇਂ ਤੋਂ ਖਾਲੀ ਪਈ ਡਾਕਟਰ ਦੀ ਅਸਾਮੀ ਭਰਨ ਦਾ ਇੰਤਜ਼ਾਰ ਹੈ। ਡਾਕਟਰ ਨਾ ਹੋਣ ਕਾਰਨ ਪਸ਼ੂਆਂ ਦੀ ਪੂਰੀ ਤਰ੍ਹਾਂ ਦੇਖਭਾਲ ਵੀ ਨਹੀਂ ਹੋ ਰਹੀ। ਬਠਿੰਡਾ ਖਿੱਤੇ ਵਿੱਚ ਮੂੰਹ-ਖੁਰ ਦੀ ਬਿਮਾਰੀ ਵੀ ਫੈਲੀ ਹੋਈ ਹੈ। ਇਸ ਕਾਰਨ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਕਿ ਹਿਰਨਾਂ ਦੀ ਮੌਤ ਦਾ ਕਾਰਨ ਮੂੰਹ-ਖੁਰ ਦੀ ਬਿਮਾਰੀ ਹੀ ਨਾ ਹੋਵੇ।
ਪੋਸਟਮਾਰਟਮ ਰਿਪੋਰਟ ਤੋਂ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ: ਰੇਂਜ ਅਫ਼ਸਰ
ਵਣ ਰੇਂਜ ਅਫ਼ਸਰ ਪਵਨ ਸ੍ਰੀਧਰ ਨੇ ਤਿੰਨ ਛੋਟੀਆਂ ਹਿਰਨੀਆਂ ਦੀ ਮੌਤ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ ਮਗਰੋਂ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।