ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 8 ਜੁਲਾਈ
ਪਿੰਡ ਗੋਲੇਵਾਲਾ ਵਿੱਚ ਬਿਜਲੀ ਗਰਿੱਡ ਵਿੱਚ ਅੱਜ ਦੇਰ ਸ਼ਾਮ ਅਚਾਨਕ ਅੱਗ ਲੱਗ ਗਈ। ਇਸ ਕਾਰਨ ਮੌਕੇ ’ਤੇ ਕੰਮ ਕਰ ਰਹੇ ਪਾਵਰ ਕਾਰਪੋਰੇਸ਼ਨ ਦੇ ਤਿੰਨ ਮੁਲਾਜ਼ਮ ਅੱਗ ਨਾਲ ਝੁਲਸ ਗਏ। ਸੂਚਨਾ ਅਨੁਸਾਰ ਫਰੀਦਕੋਟ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਤੇਜ਼ ਮੀਂਹ ਪੈਣ ਕਾਰਨ ਖੇਤਾਂ ਵਿੱਚ ਮੋਟਰਾਂ ਬੰਦ ਸਨ। ਇਸ ਤੋਂ ਬਾਅਦ ਗਰਿੱਡ ਵਿੱਚ ਬਿਜਲੀ ਦੀ ਹਾਈ ਵੋਲਟੇਜ ਆ ਗਈ ਅਤੇ ਬਿਜਲੀ ਦੇ ਇਕ ਟਰਾਂਸਫਾਰਮਰ ਨੂੰ ਅੱਗ ਲੱਗ ਗਈ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਗੋਲਡੀ ਸਿੰਘ, ਜਸਮੇਲ ਸਿੰਘ ਅਤੇ ਜਗਦੇਵ ਸਿੰਘ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗਰਿੱਡ ਦੇ ਦੂਜੇ ਟਰਾਂਸਫਾਰਮਰ ਨੂੰ ਅੱਗ ਤੋਂ ਬਚਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਘਟਨਾ ਤੋਂ ਬਾਅਦ 22 ਪਿੰਡਾਂ ਦੀ ਬਿਜਲੀ ਬੰਦ ਹੈ।