ਜਗਤਾਰ ਸਿੰਘ ਨਹਿਲ
ਲੌਂਗੋਵਾਲ, 22 ਜਨਵਰੀ
ਅੱਜ ਸਵੇਰੇ ਸੰਗਰੂਰ ਰੋਡ ’ਤੇ ਪਿੰਡ ਕਿਲਾ ਭਰੀਆਂ ਨਜ਼ਦੀਕ ਸੜਕ ਹਾਦਸੇ ਵਿੱਚ ਲੌਂਗੋਵਾਲ ਦੇ 3 ਨੌਜਵਾਨਾਂ ਦੀ ਮੌਤ ਹੋ ਗਈ। ਲੌਂਗੋਵਾਲ ਦੀ ਦੁੱਲਟ ਪੱਤੀ ਦੇ ਵਸਨੀਕ ਸੁਖਵਿੰਦਰ ਸਿੰਘ ਪੁੱਤਰ ਗੁਰਤੇਜ ਸਿੰਘ, ਮੰਗਲ ਸਿੰਘ ਪੁੱਤਰ ਗੁਰਜੰਟ ਸਿੰਘ ਅਤੇ ਝਾੜੋਂ ਪੱਤੀ ਦੇ ਵਸਨੀਕ ਬੇਅੰਤ ਸਿੰਘ ਪੁੱਤਰ ਗੁਰਜੀਤ ਸਿੰਘ ਆਪਣੀ ਕਾਰ ਰਾਹੀਂ ਜਾ ਰਹੇ ਸਨ ਕਿ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਦਰਖ਼ਤ ਨਾਲ ਜਾ ਟਕਰਾਈ।
ਟੱਕਰ ਇੰਨੀ ਭਿਆਨਕ ਸੀ ਕਿ ਕਾਰ ਚਕਨਾਚੂਰ ਹੋ ਗਈ ਅਤੇ ਤਿੰਨੇ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਨੌਜਵਾਨਾਂ ਦੀਆਂ ਦੇਹਾਂ ਨੂੰ ਸਿਵਲ ਹਸਪਤਾਲ ਸੰਗਰੂਰ ਵਿਖੇ ਲਿਜਾਇਆ ਗਿਆ ਹੈ।
ਮਾਨਸਾ(ਜੋਗਿੰਦਰ ਸਿੰਘ ਮਾਨ): ਜ਼ਿਲ੍ਹੇ ਦੇ ਪਿੰਡ ਕੋਟੜਾ ਕਲਾਂ ਵਿਖੇ ਅੱਜ ਸਵੇਰ ਕਾਰ ਦੇ ਬੇਕਾਬੂ ਹੋ ਕੇ ਖੰਭੇ ਵਿੱਚ ਵੱਜਣ ਕਾਰਨ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਹੈ। ਇਹ ਪਰਿਵਾਰ ਬਠਿੰਡਾ ਤੋਂ ਸੁਨਾਮ ਵਿਖੇ ਵਿਆਹ ਵਿੱਚ ਜਾ ਰਿਹਾ ਸੀ। ਭੀਖੀ ਪੁਲੀਸ ਨੇ ਅਣਪਛਾਤੇ ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਲਾਸ਼ਾਂ ਸਿਵਲ ਹਸਪਤਾਲ ਮਾਨਸਾ ਵਿਖੇ ਪਹੁੰਚੀਆਂ ਗਈਆਂ ਹਨ।
ਗੌਰਵ ਕੁਮਾਰ(25) ਪੁੱਤਰ ਚੰਦਰ ਪ੍ਰਕਾਸ਼, ਉਸ ਦੀ ਪਤਨੀ ਪ੍ਰਿੰਯਕਾ (23) ਅਤੇ ਪੁੱਤਰੀ ਗਾਬਿਆ (1), ਚੰਦਰ ਪ੍ਰਕਾਸ਼, ਆਸ਼ਾ ਰਾਣੀ ਵਾਸੀ ਗਣਪਤੀ ਐਨਕਲੇਬ ਬਠਿੰਡਾ ਆਈ-20 ਕਾਰ ਪੀ.ਬੀ03ਏ-2596 ’ਤੇ ਸੁਨਾਮ ਜਾ ਰਹੇ ਸਨ। ਭੀਖੀ ਲਾਗੇ ਪਿੰਡ ਕੋਟੜਾ ਕਲਾਂ ਵਿਖੇ ਕਾਰ ਦੇ ਸਾਹਮਣੇ ਕੈਂਟਰ ਆ ਗਿਆ, ਜਿਸ ਕਾਰਨ ਕਾਰ ਬੇਕਾਬੂ ਹੋਕੇ ਖੰਭੇ ਨਾਲ ਜਾ ਟਕਰਾਈ। ਇਸ ਕਾਰਨ ਗੌਰਵ ਕੁਮਾਰ, ਉਸਦੀ ਪਤਨੀ ਪ੍ਰਿੰਯਕਾ ਅਤੇ ਪੁੱਤਰੀ ਗਾਬਿਆ ਦੀ ਮੌਤ ਹੋ ਗਈ, ਜਦੋਂ ਕਿ ਉਸ ਦੇ ਪਿਤਾ ਚੰਦਰ ਪ੍ਰਕਾਸ਼, ਮਾਤਾ ਆਸ਼ਾ ਰਾਣੀ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਬਠਿੰਡਾ ਦੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਕਾਰ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਗਈ। ਥਾਣਾ ਭੀਖੀ ਦੇ ਏਐੱਸਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਾਨਸਾ ਵਿਖੇ ਰਖਵਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਚੰਦਰ ਪ੍ਰਕਾਸ਼ ਦੇ ਭਤੀਜੇ ਰਾਜੇਸ਼ ਕੁਮਾਰ ਦੇ ਬਿਆਨਾਂ ’ਤੇ ਪੁਲੀਸ ਨੇ ਅਣਪਛਾਤੇ ਕੈਂਟਰ ਚਾਲਕ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਕੈਂਟਰ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਗਿਆ ਹੈ।
ਧੂਰੀ (ਹਰਦੀਪ ਸਿੰਘ ਸੋਢੀ): ਲੰਘੀ ਰਾਤ ਸ਼ਹਿਰ ਅੰਦਰ ਸੰਗਰੂਰ ਰੋਡ ‘ਤੇ ਕਾਰ ਬਿਜਲੀ ਦੇ ਖੰਭੇ ਨਾਲ ਟਕਰਾਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਦੂਜਾ ਗੰਭੀਰ ਫੱਟੜ ਹੋ ਗਿਆ। ਰੇਲਵੇ ਪੁਲਿਸ ਚੌਕੀ ‘ਚ ਤਾਇਨਾਤ ਸਹਾਇਕ ਥਾਣੇਦਾਰ ਜਸਜੀਤ ਸਿੰਘ ਅਤੇ ਉਸ ਦਾ ਲੜਕਾ ਲੰਘੀ ਰਾਤ ਸਵਾ ਦਸ ਵਜੇ ਆਪਣੀ ਕਾਰ ‘ਚ ਸ਼ਹਿਰ ‘ਚੋਂ ਸੰਗਰੂਰ ਬਾਈਪਾਸ ਵੱਲ ਜਾ ਰਹੇ ਸਨ ਕਿ ਕਿਸੇ ਪਸ਼ੂ ਨੂੰ ਬਚਾਉਂਦੇ ਸਮੇਂ ਬੇਕਾਬੂ ਹੋਈ ਕਾਰ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ।
ਹਾਦਸੇ ‘ਚ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ‘ਚ ਸਹਾਇਕ ਥਾਣੇਦਾਰ ਜਸਜੀਤ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂ ਕਿ ਕਾਰ ਚਲਾ ਰਿਹਾ ਉਸ ਦਾ ਪੁੱਤ ਹਰਜਿੰਦਰ ਸਿੰਘ ਗੰਭੀਰ ਫੱਟੜ ਹੋ ਗਿਆ। ਲਾਸ਼ ਨੂੰ ਕਾਰ ‘ਚੋਂ ਬਾਹਰ ਕੱਢਣ ਲਈ ਲੋਕਾਂ ਨੂੰ ਭਾਰੀ ਮੁਸ਼ਕਤ ਕਰਨੀ ਪਈ।