ਪੱਤਰ ਪ੍ਰੇਰਕ
ਜਲੰਧਰ, 14 ਜੁਲਾਈ
ਹਰਿਆਣਾ ’ਚ ਕੌਮੀ ਮਾਰਗ 152-ਡੀ ’ਤੇ ਅੱਜ ਤੜਕੇ ਵਾਪਰੇ ਸੜਕ ਹਾਦਸੇ ਦੌਰਾਨ ਜਲੰਧਰ ਦੇ ਤਿੰਨ ਨੌਜਵਾਨ ਹਲਾਕ ਹੋ ਗਏ, ਜਦੋਂਕਿ ਉਨ੍ਹਾਂ ਦਾ ਇੱਕ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਰੋਹਤਕ ਪੀਜੀਆਈ ਰੈਫਰ ਕੀਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਨਾਇਬ ਸਲਮਾਨੀ ਵਾਸੀ ਗੁਰੂ ਨਾਨਕਪੁਰਾ ਜਲੰਧਰ, ਅਕਸ਼ੈ ਵਾਸੀ ਦਿਆਲਪੁਰ ਅਤੇ ਅਜੈ ਵਾਸੀ ਜੰਡੂਸਿੰਘਾਂ ਵਜੋਂ ਹੋਈ ਹੈ। ਪੁਲੀਸ ਮ੍ਰਿਤਕਾਂ ਦੇ ਵਾਰਿਸਾਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਕਰੇਗੀ।
ਜਾਣਕਾਰੀ ਅਨੁਸਾਰ ਅੱਜ ਤੜਕੇ 2.45 ਵਜੇ ਕੌਮੀ ਮਾਰਗ 152-ਡੀ ’ਤੇ ਸੁਪਰੀਮ ਲੌਜਿਸਟਿਕ ਕੰਪਨੀ ਦਾ ਇੱਕ ਟਰੱਕ ਅੰਬਾਲਾ ਵੱਲ ਜਾ ਰਿਹਾ ਸੀ। ਜਦੋਂ ਇਹ ਟਰੱਕ ਪਿੰਡ ਸੁਰਜਨਵਾਸ ਕੋਲ ਪੁੱਜਾ ਤਾਂ ਪਿੱਛਿਓਂ ਆ ਰਹੀ ਇੱਕ ਸਕਾਰਪੀਓ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਕਾਰ ’ਚ ਚਾਰ ਨੌਜਵਾਨ ਸਵਾਰ ਸਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮਹਿੰਦਰਗੜ੍ਹ ਲਿਆਂਦਾ ਗਿਆ। ਇੱਥੇ ਡਾਕਟਰਾਂ ਨੇ ਤਿੰਨ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਉਨ੍ਹਾਂ ਦੇ ਚੌਥੇ ਸਾਥੀ ਤੇਜਿੰਦਰ ਸਿੰਘ ਸੰਨੀ ਵਾਸੀ ਗੁਰੂ ਨਾਨਕਪੁਰਾ, ਜਲੰਧਰ ਨੂੰ ਰੋਹਤਕ ਰੈਫ਼ਰ ਕੀਤਾ ਗਿਆ ਹੈ। ਹਾਦਸੇ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਸਿਵਲ ਹਸਪਤਾਲ ਦੇ ਡਾਕਟਰ ਸ਼ਿਵਮ ਨੇ ਦੱਸਿਆ ਕਿ ਰਾਤ ਨੂੰ ਚਾਰ ਵਿਅਕਤੀਆਂ ਨੂੰ ਲਿਆਂਦਾ ਗਿਆ ਸੀ, ਜਿਨ੍ਹਾਂ ’ਚੋਂ ਤਿੰਨ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਉਕਤ ਚਾਰੋਂ ਦੋਸਤ ਅਜਮੇਰ ਤੋਂ ਵਾਪਸ ਆ ਰਹੇ ਸਨ ਕਿ ਹਾਦਸਾ ਵਾਪਰ ਗਿਆ।
ਕਾਰ ਦਰੱਖ਼ਤ ਨਾਲ ਟਕਰਾਉਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ
ਟੋਹਾਣਾ (ਪੱਤਰ ਪ੍ਰੇਰਕ): ਵਿਆਹ ਸਮਾਗਮ ਲਈ ਖਰੀਦਦਾਰੀ ਕਰ ਕੇ ਘਰ ਪਰਤ ਰਹੇ ਤਿੰਨ ਨੌਜਵਾਨਾਂ ਦੀ ਕਾਰ ਪਿੰਡ ਗੁਜਰਬਾੜੀ ਦੇ ਨਜ਼ਦੀਕ ਦਰੱਖ਼ਤ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਤਿੰਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਜੈਦੀਪ (18) ਵਾਸੀ ਲਾਡਵਾ, ਨੀਸ਼ੂ (23) ਵਾਸੀ ਰਾਖੀ ਸ਼ਾਹਪੁਰ (ਨਾਰਨੌਲ) ਤੇ ਪਵਨ ਉਰਫ ਪੋਨੀ (23) ਵਾਸੀ ਰਾਖੀ ਖਾਸ (ਨਾਰਨੌਲ) ਵਜੋਂ ਹੋਈ ਹੈ। ਲਾਸ਼ਾਂ ਨੂੰ ਕਾਰ ਦੀ ਬਾਡੀ ਕੱਟ ਕੇ ਬਾਹਰ ਕੱਢਿਆ ਗਿਆ ਅਤੇ ਹਾਂਸੀ ਸਿਵਲ ਹਸਪਤਾਲ ਲਿਆਂਦਾ ਗਿਆ। ਪੀੜਤ ਪਰਿਵਾਰ ਮੁਤਾਬਕ ਤਿੰਨੇ ਜਣੇ ਮਿੱਤਰ ਸਨ ਅਤੇ ਸ਼ਾਮ ਵੇਲੇ ਹਾਂਸੀ ਤੋਂ ਕੱਪੜੇ ਖਰੀਦ ਕੇ ਵਾਪਸ ਘਰ ਜਾ ਰਹੇ ਸਨ। ਪੁਲੀਸ ਮੁਤਾਬਿਕ ਤੇਜ਼ ਰਫ਼ਤਾਰ ਮਾਰੂਤੀ ਕਾਰ ਦਾ ਟਾਇਰ ਕੱਚੇ ਰਸਤੇ ’ਤੇ ਉਤਰ ਜਾਣ ਕਰ ਕੇ ਕਾਰ ਬੇਕਾਬੂ ਹੋ ਗਈ ਤੇ ਦਰੱਖ਼ਤ ਨਾਲ ਜਾ ਟਕਰਾਈ। ਪੁਲੀਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।