ਪਵਨ ਗੋਇਲ
ਭੁੱਚੋ ਮੰਡੀ, 15 ਜੂਨ
ਇੱਥੇ ਵਾਰਡ ਨੰਬਰ 13 ਵਿੱਚ ਲੰਘੀ ਰਾਤ ਆਪਣੇ ਪੇਕੇ ਘਰ ਆਈ ਸੱਜ-ਵਿਆਹੀ ਲੜਕੀ ’ਤੇ ਉਸ ਦੇ ਪਤੀ ਨੇ ਕਥਿਤ ਪੈਟਰੋਲ ਬੰਬ ਸੁੱਟ ਦਿੱਤਾ, ਜਿਸ ਕਾਰਨ ਨਵ-ਵਿਆਹੁਤਾ ਤੇ ਉਸ ਦੀ ਵੱਡੀ ਭੈਣ ਬੁਰੀ ਤਰ੍ਹਾਂ ਝੁਲਸ ਗਈਆਂ। ਘਟਨਾ ਮਗਰੋਂ ਉਨ੍ਹਾਂ ਨੂੰ ਸਥਾਨਕ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿੱਥੋਂ ਦੋਵਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਲਈ ਰੈਫ਼ਰ ਕਰ ਦਿੱਤਾ। ਇਨ੍ਹਾਂ ’ਚੋਂ ਵੱਡੀ ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੀੜਤ ਲੜਕੀਆਂ ਦੀ ਪਛਾਣ ਦੀਪ ਕੌਰ (28) ਪਤਨੀ ਗੁਰਦੀਪ ਸਿੰਘ ਅਤੇ ਸੰਦੀਪ ਕੌਰ (24) ਪੁੱਤਰੀ ਵੀਰ ਸਿੰਘ ਵਜੋਂ ਹੋਈ ਹੈ। ਚੌਕੀ ਇੰਚਾਰਜ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਦੀਪ ਕੌਰ ਦੇ ਪਤੀ ਗੁਰਦੀਪ ਸਿੰਘ ਵਾਸੀ ਕਲਿਆਣ ਹਾਲ ਆਬਾਦ ਭੁੱਚੋ ਮੰਡੀ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਉਸ ਦੀ ਸਾਲੀ ਸੰਦੀਪ ਕੌਰ ਦਾ ਵਿਆਹ 15 ਕੁ ਦਿਨ ਪਹਿਲਾਂ ਗੁਰਜੀਤ ਸਿੰਘ ਵਾਸੀ ਤਲਵੰਡੀ ਸਾਬੋ ਨਾਲ ਹੋਇਆ ਸੀ। ਪਤੀ-ਪਤਨੀ ’ਚ ਅਣਬਣ ਹੋਣ ਕਾਰਨ ਸੰਦੀਪ ਕੌਰ ਪੇਕੇ ਆ ਗਈ। ਇਸ ਕਾਰਨ ਗੁਰਜੀਤ ਸਿੰਘ ਨੇ ਬੀਤੀ ਰਾਤ ਉਨ੍ਹਾਂ ਦੇ ਘਰ ’ਚ ਕਿਸੇ ਜਲਣਸ਼ੀਲ ਪਦਾਰਥ ਵਾਲਾ ਪੈਟਰੋਲ ਬੰਬ ਸੁੱਟ ਦਿੱਤਾ, ਜਿਸ ਕਾਰਨ ਦੋਵੇਂ ਭੈਣਾਂ ਜ਼ਖ਼ਮੀ ਹੋ ਗਈਆਂ। ਗੁਰਦੀਪ ਸਿੰਘ ਮੁਤਾਬਕ ਮੁਲਜ਼ਮ ਨੇ 13 ਜੂਨ ਦੀ ਰਾਤ ਨੂੰ ਵੀ ਇੱਕ ਬੋਤਲ ਬੰਬ ਸੁੱਟਿਆ ਸੀ। ਜਾਂਚ ਅਧਿਕਾਰੀ ਗੁਰਦੇਵ ਸਿੰਘ ਅਨੁਸਾਰ ਗੁਰਦੀਪ ਸਿੰਘ ਦੇ ਬਿਆਨਾਂ ’ਤੇ ਮੁਲਜ਼ਮ ਗੁਰਜੀਤ ਸਿੰਘ ਖ਼ਿਲਾਫ਼ ਧਾਰਾ 307, 436, 34ਏ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।