ਮੁਕੰਦ ਸਿੰਘ ਚੀਮਾ
ਸੰਦੌੜ, 18 ਅਗਸਤ
ਪਿੰਡ ਅਬਦੁੱਲਾਪੁਰ ਚੁਹਾਣੇ ਵਿੱਚ ਕੁਝ ਵਿਅਕਤੀਆਂ ਵੱਲੋਂ ਗੁਰਦੁਆਰੇ ਦੇ ਗ੍ਰੰਥੀ ਦੀ ਕੁੱਟਮਾਰ ਕਰਨ ਦਾ ਮਾਮਲਾ ਭਖ ਗਿਆ ਹੈ। ਇਥੋਂ ਦੇ ਗੁਰਦੁਆਰੇ ਦੇ ਗ੍ਰੰਥੀ ਦੀ ਕੁੱਟਮਾਰ ਕਰਨ ਤੇ ਜਬਰੀ ਪਿਸ਼ਾਬ ਪਿਲਾ ਕੇ ਮੂੰਹ ਕਾਲਾ ਕਰਨ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਪੁਲੀਸ ਨੇ ਸੱਤ ਜਣਿਆਂ ਖ਼ਿਲਾਫ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪਿੰਡ ਅਬਦੁੱਲਾਪੁਰ ਚੁਹਾਣੇ ਦੇ ਗੁਰੂ ਘਰ ਦੇ ਗ੍ਰੰਥੀ ਹਰਦੇਵ ਸਿੰਘ ਦਾ ਪਿੰਡ ਦੀ ਇਕ ਔਰਤ ਦੇ ਘਰ ਆਉਣਾ ਜਾਣਾ ਸੀ। ਇਸ ਤੋਂ ਉਸ ਦੇ ਪੁੱਤਰ ਨਾਰਾਜ਼ ਸਨ ਜੋ ਗ੍ਰੰਥੀ ਨੂੰ ਅਗਵਾ ਕਰ ਕੇ ਆਪਣੇ ਪਿੰਡ ਲੈ ਆਏ। ਇਸ ਮੌਕੇ ਔਰਤ ਦੇ ਪੁੱਤਰਾਂ ਜਸਪ੍ਰੀਤ ਸਿੰਘ, ਮਨਜਿੰਦਰ ਸਿੰਘ ਕਾਕਾ ਨੇ ਗੁਰਦੁਆਰੇ ਦੇ ਪ੍ਰਧਾਨ ਦਰਸ਼ਨ ਸਿੰਘ ਤੇ ਖਜ਼ਾਨਚੀ ਜਗਜੀਤ ਸਿੰਘ ਦੀ ਹਾਜ਼ਰੀ ਵਿਚ ਗ੍ਰੰਥੀ ਦੀ ਕੁੱਟਮਾਰ ਕੀਤੀ ਤੇ ਜਾਤੀ ਸੂਚਕ ਸ਼ਬਦ ਵਰਤੇ। ਇਸ ਮਗਰੋਂ ਜਸਪ੍ਰੀਤ ਸਿੰਘ ਨੇ ਗ੍ਰੰਥੀ ਨੂੰ ਪਿਸ਼ਾਬ ਪਿਲਾਉਣ ਦੀ ਕੋਸ਼ਿਸ਼ ਕੀਤੀ ਅਤੇ ਪਿਸ਼ਾਬ ਨਾਲ ਭਰਿਆ ਡੱਬਾ ਉਸ ਦੇ ਮੂੰਹ ’ਤੇ ਡੋਲ ਦਿੱਤਾ। ਇਸ ਦੌਰਾਨ ਗ੍ਰੰਥੀ ਦੇ ਭਰਾ ਤੇ ਪਿਤਾ ਨਾਲ ਵੀ ਕੁੱਟਮਾਰ ਕੀਤੀ ਗਈ। ਇਸ ਘਟਨਾ ਦੀ ਵੀਡੀਓ ਵੀ ਬਣਾਈ ਗਈ ਜੋ ਕਿ ਬਾਅਦ ਵਿਚ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਗਈ। ਇਸ ਤੋਂ ਬਾਅਦ ਗ੍ਰੰਥੀ ਨੇ ਮਾਮਲਾ ਸੈਂਟਰਲ ਵਾਲਮੀਕਿ ਸਭਾ ਦੇ ਚੇਅਰਮੈਨ ਗੇਜਾ ਰਾਮ ਦੇ ਧਿਆਨ ਵਿਚ ਲਿਆਂਦਾ ਤੇ ਐਸਸੀ ਐਸਟੀ ਕਮਿਸ਼ਨ ਦੇ ਚੇਅਰਮੈਨ ਤੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਇਨਸਾਫ ਦੀ ਮੰਗ ਕੀਤੀ। ਥਾਣਾ ਸੰਦੌੜ ਦੀ ਪੁਲੀਸ ਨੇ ਗ੍ਰੰਥੀ ਹਰਦੇਵ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਸੱਤ ਜਣਿਆਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ। ਥਾਣਾ ਮੁਖੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਨੇ ਉਕਤ ਔਰਤ ਦੇ ਦੋਵੇਂ ਪੁੱਤਰਾਂ ਜਸਪ੍ਰੀਤ ਸਿੰਘ ਅਤੇ ਕਾਕਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ।