ਪਾਲ ਸਿੰਘ ਨੌਲੀ
ਜਲੰਧਰ, 11 ਫਰਵਰੀ
‘ਆਪ’ ’ਤੇ ਟਿਕਟਾਂ ਵੇਚਣ ਦੇ ਲੱਗ ਰਹੇ ਦੋਸ਼ਾਂ ਦੌਰਾਨ ਅੱਜ ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ‘ਆਪ’ ਦੀ ਟਿਕਟ ਲੈਣ ਦਾ ਇੱਕ ਦਾਅਵੇਦਾਰ ਸਾਹਮਣੇ ਆਇਆ ਹੈ। ਮਨੋਜ ਪੁੰਜ ਨਾਂ ਦੇ ਇਸ ਵਿਅਕਤੀ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਸ ਨੇ ਆਪਣੇ ਬੈਂਕ ਖਾਤੇ ਵਿੱਚ ਪਈ 7 ਲੱਖ ਰੁਪਏ ਤੋਂ ਵੱਧ ਦੀ ਰਕਮ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕਰੀਬੀ ਰਿਸ਼ਤੇਦਾਰ ਦੇ ਖਾਤਿਆਂ ਵਿੱਚ ਪਾਈ ਸੀ। ਇਸ ਮੌਕੇ ਸ੍ਰੀ ਪੁੰਜ ਨੇ ਦੱਸਿਆ ਕਿ ਉਹ ਸਰਕਾਰੀ ਨੌਕਰੀ ਕਰਦੇ ਸਨ ਤੇ ਉਨ੍ਹਾਂ ਨੂੰ ‘ਆਪ’ ਦੀ ਟਿਕਟ ਦੇਣ ਦੇ ਮਾਮਲੇ ’ਚ ਅਜਿਹਾ ਭਰਮਾਇਆ ਕਿ ਉਸ ਕੋਲੋਂ 13 ਲੱਖ ਦੀ ਨਕਦੀ ਤੇ 7 ਲੱਖ ਬੈਂਕ ਖਾਤਿਆਂ ਲਈ ਵਸੂਲੇ ਗਏ। ਉਨ੍ਹਾਂ ਦੱਸਿਆ ਕਿ ਉਸ ਨੇ ਪਿਛਲੇ ਸਾਲ ਜੁਲਾਈ ਮਹੀਨੇ ’ਚ ਅਰਵਿੰਦ ਕੇਜਰੀਵਾਲ ਦੀ ਰਿਸ਼ਤੇਦਾਰ ਨੂੰ ਕੁੱਲ 20 ਲੱਖ ਰੁਪਏ ਦਿੱਤੇ ਸਨ। ਸ੍ਰੀ ਪੁੰਜ ਨੇ ਕਿਹਾ ਕਿ ਇੱਕ-ਦੋ ਦਿਨਾਂ ਵਿੱਚ ਉਹ ਸਾਰੇ ਮੁਲਜ਼ਮਾਂ ਖ਼ਿਲਾਫ਼ ਰਸਮੀ ਸ਼ਿਕਾਇਤ ਦਰਜ ਕਰਵਾਉਣਗੇ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਟਿਕਟ ਲੈਣ ਲਈ ਉਨ੍ਹਾਂ ਨੇ ਪੈਸੇ ਆਪਣੇ ਪ੍ਰੋਵੀਡੈਂਟ ਫੰਡ ਵਿੱਚੋਂ ਕਢਵਾਏ ਸਨ। ਪਰਗਟ ਸਿੰਘ ਨੇ ਦੋਸ਼ ਲਾਇਆ ਕਿ ‘ਆਪ’ ਨੇ ਘੱਟੋ-ਘੱਟ 40 ਲੋਕਾਂ ਨੂੰ ਟਿਕਟਾਂ ਦਿੱਤੀਆਂ ਹਨ, ਜਿਨ੍ਹਾਂ ਨੂੰ ਦੂਜੀਆਂ ਪਾਰਟੀਆਂ ਨੇ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਧੋਖਾਧੜੀ ਦੇ ਦੋਸ਼ ਬੇਬੁੁਨਿਆਦ ਹਨ: ਗਰਗ
ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਦੱਸਿਆ ਕਿ ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਟਿਕਟ ਦੇ ਚਾਹਵਾਨ ਮਨੋਜ ਪੁੰਜ ਨੂੰ ਨਹੀਂ ਜਾਣਦੇ ਪਰ ਉਸ ਵੱਲੋਂ ਲਾਏ ਦੋਸ਼ ਬਿਲਕੁਲ ਨਿਰਮੂਲ ਹਨ। ਉਨ੍ਹਾਂ ਆਖਿਆ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਤਾਂ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਜੇਕਰ ਕਿਸੇ ਕੋਲ ਵੀ ਟਿਕਟ ਵੇਚਣ ਦੇ ਸਾਬੂਤ ਹਨ ਤਾਂ ਉਹ ਜਨਤਕ ਕਰ ਦੇਣ।