ਕਰਨ ਭੀਖੀ
ਭੀਖੀ, 31 ਅਕਤੂਬਰ
ਦਿੱਲੀ ਦੇ ਟਿਕਰੀ ਮੋਰਚੇ ਵਿੱਚ ਸ਼ਮੂਲੀਅਤ ਮਗਰੋਂ ਪਿੰਡ ਵਾਪਸੀ ਸਮੇਂ ਖੀਵਾ ਦਿਆਲੂਵਾਲਾ ਦੀਆਂ ਤਿੰਨ ਬੀਬੀਆਂ ਸੁਖਵਿੰਦਰ ਕੌਰ, ਗੁਰਮੇਲ ਕੌਰ ਅਤੇ ਅਮਰਜੀਤ ਕੌਰ ਦੇ ਅੱਜ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਵੱਲੋਂ ਸਾਂਝੇ ਤੌਰ ’ਤੇ ਫੁੱਲ ਚੁਗੇ ਗਏ। ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਅਤੇ ਪੰਚਾਇਤ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਵਿਚ ਇਕੱਤਰਤਾ ਕੀਤੀ ਗਈ।
ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਸਮੂਹ ਲੋਕਾਂ ਤੇ ਪੰਚਾਇਤ ਦੀ ਅਗਵਾਈ ਵਿੱਚ ਮਤਾ ਪਾਸ ਕੀਤਾ ਗਿਆ ਹੈ ਕਿ ਸ਼ਹੀਦ ਬੀਬੀਆਂ ਦੀਆਂ ਸਾਰੀਆਂ ਰਸਮਾਂ ਸਾਂਝੇ ਤੌਰ ’ਤੇ ਕੀਤੀਆਂ ਜਾਣਗੀਆਂ। ਦੀਵਾਲੀ ਵਾਲੀ ਰਾਤ ਕਿਸੇ ਕਿਸਮ ਦਾ ਜਸ਼ਨ ਨਹੀਂ ਮਨਾਇਆ ਜਾਵੇਗਾ, ਸਗੋਂ ਕਾਲੀ ਦੀਵਾਲੀ ਦੇ ਰੂਪ ਵਿੱਚ ਰੋਸ ਪ੍ਰਗਟ ਕੀਤਾ ਜਾਵੇਗਾ। ਪਿੰਡ ਵਿੱਚ ਕੋਈ ਪਟਾਕੇ, ਮਿਠਾਈਆਂ ਆਦਿ ਨਹੀਂ ਖ਼ਰੀਦੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਬੀਬੀਆਂ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਸਹਾਇਤਾ ਰਕਮ ਦੇਣ ਦਾ ਕੋਝਾ ਮਜ਼ਾਕ ਹੈ, ਜੋ ਜਥੇਬੰਦੀ ਨਾ ਮਨਜ਼ੂਰ ਕਰਦੀ ਹੈ। ਸਰਕਾਰ ਨੂੰ ਪੀੜਤ ਪਰਿਵਾਰਾਂ ਦੀ ਦਸ-ਦਸ ਲੱਖ ਦੀ ਸਹਾਇਤਾ ਕਰਨੀ ਚਾਹੀਦੀ ਹੈ। ਪੀੜਤ ਪਰਿਵਾਰਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀਆਂ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਦੋ ਨਵੰਬਰ ਨੂੰ ਡਿਪਟੀ ਕਮਿਸ਼ਨ ਦਫ਼ਤਰ ਮਾਨਸਾ ਵਿਚ ਧਰਨਾ ਸ਼ੁਰੂ ਕੀਤਾ ਜਾਵੇਗਾ। ਇਸ ਮਤੇ ਬਾਰੇ ਪਿੰਡ ਵਾਸੀਆਂ ਨੂੰ ਦੱਸ ਦਿੱਤਾ ਗਿਆ। ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਸਮਾਓਂ, ਘੁੱਦਰ ਸਿੰਘ ਸਰਪੰਚ, ਮੁਲਾਜ਼ਮ ਆਗੂ ਕਰਮਜੀਤ ਸਿੰਘ ਖੀਵਾ ਆਦਿ ਹਾਜ਼ਰ ਸਨ।