ਜੋਗਿੰਦਰ ਸਿੰਘ ਮਾਨ
ਮਾਨਸਾ, 28 ਅਕਤੂਬਰ
ਦਿੱਲੀ ਦੇ ਟਿੱਕਰੀ ਬਾਰਡਰ ’ਤੇ ਵਾਪਰੇ ਹਾਦਸੇ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਦਿਆਲੂਵਾਲਾ ਦੀਆਂ ਜਿਹੜੀਆਂ ਤਿੰਨ ਬੀਬੀਆਂ ਦੀ ਮੌਤ ਅਤੇ ਦੋ ਗੰਭੀਰ ਜਖ਼ਮੀ ਹੋ ਗਈਆਂ ਹਨ, ਉਹ ਕਿਸਾਨਾਂ ਦੇ ਹਰ ਸੰਘਰਸ਼ ਵਿਚ ਸ਼ਾਮਲ ਹੁੰਦੀਆਂ ਸਨ। ਉਹ ਅਕਸਰ ਦਿੱਲੀ ਅੰਦੋਲਨ ਜਾਂਦੀਆਂ-ਆਉਂਦੀਆਂ ਰਹਿੰਦੀਆਂ ਸਨ। ਉਨ੍ਹਾਂ ਕਿਸਾਨ ਅੰਦੋਲਨ ਨੂੰ ਫ਼ਤਿਹ ਕਰਨ ਲਈ ਟਿੱਕਰੀ ਬਾਰਡਰ ਦੇ ਗ਼ਦਰੀ ਗੁਲਾਬ ਕੌਰ ਨਗਰ ’ਚ ਚੱਲ ਰਹੀ ਸਟੇਜ ਤੋਂ ਹਰ ਸੰਦੇਸ਼ ਨੂੰ ਬੜੀ ਗੰਭੀਰਤਾ ਨਾਲ ਸੁਣ ਕੇ ਉਸ ’ਤੇ ਪਹਿਰਾ ਦਿੱਤਾ। ਇਨ੍ਹਾਂ ਬੀਬੀਆਂ ਨੇ ਇਲਾਕੇ ਦੀਆਂ ਸੈਂਕੜੇ ਔਰਤਾਂ ਦੀ ਦਿੱਲੀ ਦੇ ਕਿਸਾਨ ਅੰਦੋਲਨ ਵਿੱਚ ਹਾਜ਼ਰੀ ਲੁਆਈ। ਇਹ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨਾਲ ਜੁੜੀਆਂ ਹੋਈਆਂ ਸਨ ਤੇ ਇਸ ਜਥੇਬੰਦੀ ਦੇ ਹਰ ਅੰਦੋਲਨ ਵਿੱਚ ਮੂਹਰੇ ਹੋ ਕੇ ਲੜਾਈ ਲੜਦੀਆਂ ਸਨ। ਜਦੋਂ ਇਹ ਖਬਰ ਮਿਲੀ ਤਾਂ ਪਿੰਡ ਵਿੱਚ ਵਾਸੀ ਸੋਗ ਵਿੱਚ ਡੁੱਬ ਗਏ ਅਤੇ ਕਿਸੇ ਵੀ ਘਰ ਚੁੱਲ੍ਹਾ ਨਾ ਬਲਿਆ। ਸਰਪੰਚ ਘੁੱਦਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਅਜਿਹੀ ਇਹ ਪਹਿਲੀ ਘਟਨਾ ਹੈ ਪਰ ਉਨ੍ਹਾਂ ਨੂੰ ਇਨ੍ਹਾਂ ਮਾਈਆਂ ਦੇ ਸ਼ਹੀਦੀ ’ਤੇ ਮਾਣ ਹੈ। ਪਿੰਡ ਦੇ ਕਿਸਾਨ ਆਗੂ ਗੁਲਾਬ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ਬੀਬੀਆਂ ਸ਼ਹੀਦੀ ਮਗਰੋਂ ਇਲਾਕੇ ਦੀਆਂ ਹੋਰਨਾਂ ਬੀਬੀਆਂ ਦਾ ਸੰਘਰਸ਼ ਵਿੱਚ ਕੁੱਦਣ ਲਈ ਹੌਸਲਾ ਵਧੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਪੰਜਾਬ ਕਿਸਾਨ ਯੂਨੀਅਨ ਦੇ ਪ੍ਰੈਸ ਸਕੱਤਰ ਬਲਕਰਨ ਸਿੰਘ ਬੱਲੀ, ਐਡਵੋਕੇਟ ਗੁਰਲਾਭ ਸਿੰਘ ਮਾਹਲ ਅਤੇ ਧੰਨਾ ਮੱਲ ਗੋਇਲ ਨੇ ਦੱਸਿਆ ਕਿ ਸ਼ਹੀਦ ਬੀਬੀ ਅਮਰਜੀਤ ਕੌਰ (65) ਦੇ ਪਤੀ ਹਰਜੀਤ ਸਿੰਘ ਦੀ 18 ਸਾਲ ਪਹਿਲਾਂ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦਾ ਇੱਕ ਲੜਕਾ ਹੈ, ਜਿਸ ਦਾ ਐਕਸੀਡੈਂਟ ਹੋਣ ਮਗਰੋਂ ਉਹ ਪੂਰੀ ਤਰ੍ਹਾਂ ਬੋਲ ਨਹੀਂ ਸਕਦਾ। ਉਨ੍ਹਾਂ ਦੀ ਇੱਕ ਬੇਟੀ ਲਖਵਿੰਦਰ ਕੌਰ ਹੈ ਜਿਸ ਦਾ ਆਗਾਮੀ 23 ਜਨਵਰੀ ਨੂੰ ਵਿਆਹ ਹੋਣਾ ਹੈ। ਪਰਿਵਾਰ ’ਤੇ 10 ਲੱਖ ਰੁਪਏ ਬੈਂਕ ਅਤੇ 20 ਲੱਖ ਰੁਪਏ ਦਾ ਪ੍ਰਾਈਵੇਟ ਕਰਜ਼ਾ ਹੈ ਅਤੇ ਪਰਿਵਾਰ ਕੋਲ ਸਿਰਫ 5 ਏਕੜ ਜ਼ਮੀਨ ਹੈ। ਬੀਬੀ ਸੁਖਵਿੰਦਰ ਕੌਰ (57) ਦਾ ਪਤੀ ਭਗਵਾਨ ਸਿੰਘ ਅਧਰੰਗ ਕਾਰਨ ਸਾਲ 2016 ਵਿਚ ਸਵਰਗਵਾਸ ਹੋ ਗਿਆ ਸੀ। ਉਸ ਦੇ ਘਰ ਇੱਕ ਲੜਕਾ, ਇੱਕ ਪੋਤਰਾ ਅਤੇ ਇੱਕ ਪੋਤਰੀ ਹੈ। ਇਸ ਪਰਿਵਾਰ ਕੋਲ ਸਿਰਫ 2 ਏਕੜ ਜ਼ਮੀਨ ਹੈ। ਇਸ ਪਰਿਵਾਰ ਸਿਰ 5 ਲੱਖ ਦਾ ਸਰਕਾਰੀ ਕਰਜ਼ਾ ਅਤੇ 10 ਲੱਖ ਰੁਪਏ ਪ੍ਰਾਈਵੇਟ ਵਿਅਕਤੀਆਂ ਦਾ ਕਰਜ਼ਾ ਹੈ। ਸ਼ਹੀਦ ਬੀਬੀ ਗੁਰਮੇਲ ਕੌਰ (62) ਪਤਨੀ ਭੋਲਾ ਸਿੰਘ ਕੋਲ ਇੱਕ ਲੜਕਾ ਹੈ ਅਤੇ ਇਸ ਪਰਿਵਾਰ ਕੋਲ 5 ਏਕੜ ਜ਼ਮੀਨ ਹੈ। 5 ਲੱਖ ਦੀ ਬੈਂਕ ਦੀ ਲਿਮਟ ਹੈ ਅਤੇ 20 ਲੱਖ ਰੁਪਏ ਦਾ ਪ੍ਰਾਈਵੇਟ ਕਰਜ਼ਾ ਹੈ। ਇਸ ਤੋਂ ਇਲਾਵਾ ਜ਼ਖ਼ਮੀਆਂ ਵਿੱਚ ਬੀਬੀ ਹਰਮੀਤ ਕੌਰ (60) ਪਤਨੀ ਗੁਰਤੇਜ ਸਿੰਘ ਹਨ ਕੋਲ ਇੱਕ ਲੜਕਾ ਤੇ ਇੱਕ ਲੜਕੀ ਹੈ ਤੇ ਪਰਿਵਾਰ ਕੋਲ 8 ਏਕੜ ਜ਼ਮੀਨ ਹੈ। ਪਰਿਵਾਰ ਦੇ ਸਿਰ 6 ਲੱਖ ਰੁਪਏ ਸਰਕਾਰੀ ਕਰਜ਼ਾ ਤੇ 10 ਲੱਖ ਰੁਪਏ ਪ੍ਰਾਈਵੇਟ ਕਰਜ਼ਾ ਹੈ। ਜ਼ਖਮੀ ਬੀਬੀ ਗੁਰਮੇਲ ਕੌਰ (65) ਪਤਨੀ ਮੇਹਰ ਸਿੰਘ ਕੋਲ 2 ਲੜਕੀਆਂ ਅਤੇ ਇੱਕ ਲੜਕਾ ਹੈ। ਇਸ ਪਰਿਵਾਰ ਕੋਲ ਸਾਢੇ 4 ਏਕੜ ਜ਼ਮੀਨ ਹੈ, 5 ਲੱਖ ਦਾ ਸਰਕਾਰੀ ਕਰਜ਼ਾ ਹੈ ਅਤੇ ਤਕਰੀਬਨ 18 ਲੱਖ ਰੁਪਏ ਪ੍ਰਾਈਵੇਟ ਕਰਜ਼ਾ ਹੈ।
ਕਿਸਾਨ ਬੀਬੀਆਂ ਦੀ ਮੌਤ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ (ਟਨਸ): ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦਿੱਲੀ ਟਿਕਰੀ ਸਰਹੱਦ ’ਤੇ ਤੇਜ਼ ਰਫ਼ਤਾਰ ਟਿੱਪਰ ਵੱਲੋਂ ਕੁਚਲੇ ਜਾਣ ਕਾਰਨ ਕਿਸਾਨੀ ਸੰਘਰਸ਼ ’ਚ ਬੈਠੀਆਂ ਤਿੰਨ ਔਰਤਾਂ ਦੀ ਮੌਤ ਤੇ ਹੋਰਨਾਂ ਦੇ ਜ਼ਖ਼ਮੀ ਹੋਣ ਦੀ ਵਾਪਰੀ ਘਟਨਾ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਆਪਣੀਆਂ ਮੰਗਾਂ ਖ਼ਾਤਰ ਲੰਮੇ ਸਮੇਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਬੈਠਾ ਹੈ, ਪਰ ਕੇਂਦਰ ਸਰਕਾਰ ਆਪਣੀ ਅੜੀ ਕਾਰਨ ਕਿਸਾਨੀ ਮਸਲਿਆਂ ਦਾ ਹੱਲ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਇਸ ਕਿਸਾਨੀ ਸੰਘਰਸ਼ ਵਿੱਚ ਹੁਣ ਤੱਕ ਸੈਂਕੜੇ ਕਿਸਾਨ ਸ਼ਹੀਦ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ ਵਾਪਰੀ ਘਟਨਾ ਅਤਿ ਦੁਖਦਾਈ ਹੈ, ਜਿਸ ਵਿੱਚ ਤਿੰਨ ਕਿਸਾਨ ਔਰਤਾਂ ਦੀ ਮੌਤ ਹੋਈ ਹੈ ਤੇ ਕੁਝ ਲੋਕ ਜ਼ਖ਼ਮੀ ਵੀ ਹੋਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਦੇਸ਼ ਵਾਸੀ ਸੜਕਾਂ ’ਤੇ ਕਿਉਂ ਬੈਠੇ ਹਨ।