ਜੋਗਿੰਦਰ ਸਿੰਘ ਮਾਨ
ਮਾਨਸਾ, 7 ਸਤੰਬਰ
ਲਾਰੈਂਸ ਬਿਸ਼ਨੋਈ ਦੇ ਨਾਂ ’ਤੇ ਲਗਾਤਾਰ ਪੰਜਾਬ ਵਿੱਚ ਧਮਕੀਆਂ ਦੇਣ ਦੇ ਸਿਲਸਿਲੇ ਵਿੱਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਭੇਜੀ ਗਈ ਈ-ਮੇਲ ਵੀ ਜਾਅਲੀ ਨਿਕਲੀ ਹੈ ਅਤੇ ਮੁਲਜ਼ਮ ਨੇ ਇਹ ਕਾਰਾ ਸਿਰਫ ਮਸ਼ਹੂਰ ਹੋਣ ਲਈ ਕੀਤਾ ਸੀ। ਇਹ ਖੁਲਾਸਾ ਮਾਨਸਾ ਪੁਲੀਸ ਨੇ ਗਾਇਕ ਦੇ ਪਿਤਾ ਨੂੰ ਈ-ਮੇਲ ਭੇਜ ਕੇ ਧਮਕਾਉਣ ਵਾਲੇ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਮੁਲਜ਼ਮ ਤੋਂ ਪੁੱਛ ਪੜਤਾਲ ਮਗਰੋਂ ਕੀਤਾ ਹੈ। ਪੁਲੀਸ ਦੀ ਮੁੱਢਲੀ ਤਫਤੀਸ਼ ਮੁਤਾਬਕ ਧਮਕੀ ਦੇਣ ਵਾਲਾ ਇਹ ਵਿਅਕਤੀ ਮਸ਼ਹੂਰੀ ਚਾਹੁੰਦਾ ਸੀ, ਜਿਸ ਕਰਕੇ ਉਸ ਨੇ ਇੰਸਟਾਗ੍ਰਾਮ ਤੇ ਆਈਡੀ ਬਣਾ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਧਮਕੀ ਭਰੀ ਈ-ਮੇਲ ਭੇਜੀ। ਇਸ ਸਬੰਧੀ ਥਾਣਾ ਸਦਰ ਮਾਨਸਾ ਪੁਲੀਸ ਨੇ ਕੇਸ ਦਰਜ ਕੀਤਾ ਸੀ।
ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਅੱਜ ਇੱਥੇ ਪ੍ਰੈਸ ਕਾਨਫੰਰਸ ’ਚ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਧਮਕੀ ਦੇਣ ਦੇ ਮਾਮਲੇ ’ਚ ਪੁਲੀਸ ਨੇ ਦਿੱਲੀ ਦੇ ਬਹਾਦਰਗੜ੍ਹ ਇਲਾਕੇ ਵਿੱਚੋਂ ਮਹੀਪਾਲ ਵਾਸੀ ਕਾਕੇਲਵ ਫਿਟਕਾਸੀ, ਜ਼ਿਲ੍ਹਾ ਜੋਧਪੁਰ (ਰਾਜਸਥਾਨ) ਨੂੰ ਦੋ ਮੋਬਾਈਲ ਫੋਨਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਿਸ ਤੋਂ ਪੁੱਛ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਉਸ ਨੇ ਮਸ਼ਹੂਰ ਹੋਣ ਲਈ ਏ.ਜੇ. ਬਿਸ਼ਨੋਈ ਦੇ ਨਾਂ ’ਤੇ ਇੰਸਟਾਗ੍ਰਾਮ ਤੇ ਆਈਡੀ ਬਣਾਈ ਸੀ ਅਤੇ ਸੋਪੂ ਗਰੁੱਪ ਨੂੰ ਫਾਲੋ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਦਾ 5 ਦਿਨ ਦਾ ਪੁਲੀਸ ਰਿਮਾਂਡ ਲਿਆ ਹੈ। ਉਨ੍ਹਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਹੋਰ ਗੰਨਮੈਨ ਦੇ ਕੇ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।