ਗਗਨਦੀਪ ਅਰੋੜਾ
ਲੁਧਿਆਣਾ, 3 ਨਵੰਬਰ
ਟਿੱਬਾ ਰੋਡ ਦੀ ਗਰੇਵਾਲ ਕਲੋਨੀ ਪ੍ਰੇਮ ਵਿਹਾਰ ਇਲਾਕੇ ਵਿੱਚ ਸੋਮਵਾਰ ਦੇਰ ਰਾਤ ਨੂੰ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਸੂਚਨਾ ਦੇਣ ਵਾਲਾ ਹੀ ਮੁਲਜ਼ਮ ਨਿਕਲਿਆ। ਮੁਲਜ਼ਮ ਇੱਕ ਲੋਕਲ ਅਖ਼ਬਾਰ ਦਾ ਪੱਤਰਕਾਰ ਹੈ ਅਤੇ ਉਸ ਨੇ ਪੱਤਰਕਾਰੀ ਵਿੱਚ ਪ੍ਰਸਿੱਧੀ ਹਾਸਲ ਕਰਨ ਅਤੇ ਅਖ਼ਬਾਰ ਨੂੰ ਸਭ ਤੋਂ ਪਹਿਲਾਂ ਖ਼ਬਰ ਦੇਣ ਦੇ ਚੱਕਰ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਨੇ ਪੁਲੀਸ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਮੁਹੱਲੇ ਦੇ ਨੌਜਵਾਨ ਸੇਵਾ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੇ ਦੋ ਨੌਜਵਾਨ ਮੋਟਰਸਾਈਕਲ ’ਤੇ ਜਾਂਦੇ ਦੇਖੇ, ਜੋ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਬੇਅਦਬੀ ਕਰ ਫ਼ਰਾਰ ਹੋ ਗਏ ਹਨ। ਸੂਚਨਾ ਮਿਲਦਿਆਂ ਹੀ ਜੁਆਇੰਟ ਪੁਲੀਸ ਕਮਿਸ਼ਨਰ ਕੰਵਰਦੀਪ ਕੌਰ ਤੇ ਪੁਲੀਸ ਦੇ ਉੱਚ ਅਧਿਕਾਰੀ ਮੌਕੇ ’ਤੇ ਪੁੱਜੇ। ਤਫ਼ਤੀਸ਼ ਕਰਨ ’ਤੇ ਖੇਤਾਂ ਕੋਲੋਂ ਸੈਂਚੀ ਸਾਹਿਬ ਤੇ ਗੁਟਕਾ ਸਾਹਿਬ ਦੇ ਅੰਗ ਮਿਲੇ। ਪੁਲੀਸ ਨੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਪਰ ਫੁਟੇਜ ਵਿੱਚ ਕਿਤੇ ਵੀ ਕੋਈ ਮੋਟਰਸਾਈਕਲ ਸਵਾਰ ਨਜ਼ਰ ਨਹੀਂ ਆਇਆ।
ਇਸ ਮਗਰੋਂ ਪੁਲੀਸ ਨੂੰ ਸੇਵਾ ਸਿੰਘ ’ਤੇ ਸ਼ੱਕ ਹੋਇਆ। ਜਦੋਂ ਜ਼ਿੰਮੇਵਾਰ ਲੋਕਾਂ ਦੇ ਸਾਹਮਣੇ ਸੇਵਾ ਸਿੰਘ ਤੋਂ ਸਖ਼ਤੀ ਨਾਲ ਪੁੱਛ-ਪੜਤਾਲ ਕੀਤੀ ਗਈ ਤਾਂ ਉਸ ਨੇ ਸਾਰੀ ਕਹਾਣੀ ਬਿਆਨ ਕਰ ਦਿੱਤੀ। ਪੁਲੀਸ ਵੱਲੋਂ ਸੂਬੇ ਦੀ ਫੋਰੈਂਸਿਕ ਟੀਮ ਨੂੰ ਵੀ ਲੁਧਿਆਣੇ ਬੁਲਾਇਆ ਗਿਆ ਤੇ ਸੇਵਾ ਸਿੰਘ ਦੇ ਘਰੋਂ ਸੈਂਚੀ ਸਾਹਿਬ ਤੇ ਗੁਟਕਾ ਸਾਹਿਬ ਦੇ ਅੰਗ ਬਰਾਮਦ ਕੀਤੇ ਗਏ।
ਸ਼੍ਰੋਮਣੀ ਕਮੇਟੀ ਵੱਲੋਂ ਘਟਨਾ ਦੀ ਨਿਖੇਧੀ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਲੁਧਿਆਣਾ ਵਿੱਚ ਕੁਝ ਵਿਅਕਤੀਆਂ ਵੱਲੋਂ ਪਾਵਨ ਪੋਥੀਆਂ ਅਤੇ ਗੁਟਕਾ ਸਾਹਿਬ ਦੀ ਕੀਤੀ ਗਈ ਬੇਅਦਬੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਦਾ ਲਗਾਤਾਰ ਵਾਪਰਨਾ ਮੰਦਭਾਗਾ ਹੈ। ਇਸ ਨੂੰ ਰੋਕਣ ਲਈ ਪੰਜਾਬ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੀਆਂ ਘਟਨਾਵਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ, ਤਾਂ ਜੋ ਪਤਾ ਲੱਗ ਸਕੇ ਕਿ ਇਸ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਹਨ। ਸ਼੍ਰੋਮਣੀ ਕਮੇਟੀ ਨੇ ਘਟਨਾ ਦੀ ਪੜਤਾਲ ਲਈ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਅਜੀਤ ਸਿੰਘ, ਭਾਈ ਕੁਲਦੀਪ ਸਿੰਘ ਅਤੇ ਭਾਈ ਬਲਵੰਤ ਸਿੰਘ ਦੀ ਡਿਊਟੀ ਲਾਈ ਹੈ।