ਰਾਜਿੰਦਰ ਕੁਮਾਰ
ਬਲੂਆਣਾ (ਅਬੋਹਰ), 4 ਫਰਵਰੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਇਸ ਵਾਰ ਕਾਂਗਰਸ ਦਾ ਪੰਜਾਬ ਵਿਚ ਭੋਗ ਪੈ ਜਾਵੇਗਾ। ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਦੁਤਾਰਾਂਵਾਲੀ ਵਿਚ ਪਾਰਟੀ ਦੇ ਉਮੀਦਵਾਰ ਪ੍ਰਿਥੀ ਰਾਜ ਮੇਘ ਦੇ ਹੱਕ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਸੁਖਬੀਰ ਨੇ ਦਾਅਵਾ ਕੀਤਾ ਕਿ ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਇੱਕ ਸੀਟ ਵੀ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਵੋਟ ਦੇਣ ਦਾ ਮਤਲਬ ਆਪਣੀ ਵੋਟ ਖੂਹ ਵਿਚ ਸੁੱਟਣੀ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਬਿਕਰਮ ਮਜੀਠੀਆ ਨੇ ਨਵਜੋਤ ਸਿੱਧੂ ਨੂੰ ਭਜਾ ਲਿਆ ਹੈ। ਹਾਲਾਤ ਇਹ ਬਣ ਗਏ ਹਨ ਕਿ ਇਸ ਵਾਰ ਪੰਜਾਬ ਵਿਚ ਕਾਂਗਰਸ ਖ਼ਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਚੰਨੀ ਦੋ ਥਾਵਾਂ ਤੋਂ ਚੋਣ ਲੜ ਰਹੇ ਹਨ ਅਤੇ ਵੋਟਰ ਉਨ੍ਹਾਂ ਨੂੰ ਦੋਵੇਂ ਥਾਈਂ ਬੇਰੰਗ ਘਰ ਭੇਜਣਗੇ।
ਜਾਖੜ ਪਰਿਵਾਰ ’ਤੇ ਲੋਕਾਂ ਨਾਲ ਧੱਕਾ ਕਰਨ ਦਾ ਦੋਸ਼
ਅਬੋਹਰ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅਬੋਹਰ ਹਲਕੇ ਤੋਂ ਅਕਾਲੀ-ਬਸਪਾ ਉਮੀਦਵਾਰ ਡਾ. ਮਹਿੰਦਰ ਰਿਣਵਾ ਦੇ ਹੱਕ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਾਖੜ ਪਰਿਵਾਰ ਨੇ ਕਾਂਗਰਸ ਹਕੂਮਤ ਦੌਰਾਨ ਗਰੀਬ ਪਰਿਵਾਰਾਂ ਅਤੇ ਬੇਕਸੂਰ ਲੋਕਾਂ ਨਾਲ ਧੱਕਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਾਖੜ ਪਰਿਵਾਰ ਨੂੰ ਲੋਕਾਂ ਨਾਲ ਕੀਤੇ ਧੋਖੇ ਦਾ ਨਤੀਜਾ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਨਸ਼ਿਆਂ ਦਾ ਰੁਝਾਨ ਅਤੇ ਗੈਂਗਸਟਰ ਵਧੇ ਹਨ। ਪੰਜਾਬ ਵਿੱਚ ਸਭ ਤੋਂ ਵੱਧ ਵਿਕਾਸ ਸ਼੍ਰੋਮਣੀ ਅਕਾਲੀ ਦਲ ਨੇ ਕਰਵਾਇਆ ਹੈ।