ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 4 ਅਕਤੂਬਰ
ਜਾਗੋ ਵੇ ਮੇਰਿਓ ਸ਼ੇਰੋ ਵੇ ! ਕਿਉਂ ਦੇਰ ਲਗਾਈ ਵੇ ?
ਮੈਂ ਲੁੱਟ ਲਈ ਦਿਨ ਦੀਵੀਂ ਵੇ, ਕੋਈ ਸੁਣੋ ਦੁਹਾਈ ਵੇ ।
ਮੇਰਾ ਦੋ ਕਰੋੜ ਕਬੀਲਾ,
ਕੋਈ ਝਬਦੇ ਕਰਿਓ ਹੀਲਾ,
ਮੈਂ ਘਰ ਦੀ ਮਾਲਕਿਆਣੀ ਹੁੰਦੀ ਜਾਂ ਪਰਾਈ ਵੇ ! ਜਾਗੋ..
ਕੱਖਾਂ ਤੋਂ ਹੌਲੀ ਹੋਈ,
ਮੈਨੂੰ ਕਿਤੇ ਨ ਮਿਲਦੀ ਢੋਈ,
ਮਤਰੇਈਆਂ ਨੂੰ ਕਰ ਅੱਗੇ ਅੰਮਾਂ ਘਰੋਂ ਕਢਾਈ ਵੇ ! ਜਾਗੋ..
ਬਾਬੇ ਨਾਨਕ ਦੀ ਵਡਿਆਈ,
ਬੁਲ੍ਹੇ ਨੇ ਮੈਥੋਂ ਪਾਈ,
ਅਵਤਾਰਾਂ ਪੀਰਾਂ ਫਕੀਰਾਂ ਦੀ ਮੈਂ ਤਖਤ ਬਹਾਈ ਵੇ ! ਜਾਗੋ..
ਸਭ ਸਈਆਂ ਅਗੇ ਗਈਆਂ,
ਮਨਜ਼ੂਰ ਹਜ਼ੂਰੇ ਪਈਆਂ,
ਮੈਂ ਭਰੇ ਸਰੋਂ ਤੁਰ ਚੱਲੀ, ‘ਚਾਤ੍ਰਿਕ’ ਵਾਂਗ ਤਿਹਾਈ ਵੇ ! ਜਾਗੋ..
ਇਸ ਦੇ ਲੇਖਕ ਲਾਲਾ ਧਨੀਰਾਮ ਚਾਤ੍ਰਿਕ ਦਾ ਜਨਮ 4 ਅਕਤੂਬਰ 1876 ਨੂੰ ਹੋਇਆ ਸੀ। ਉਹ ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕ ਮੰਨੇ ਜਾਂਦੇ ਹਨ। ਉਨ੍ਹਾਂ ਦੀਆਂ ਰਚਨਾਵਾਂ ਪ੍ਰਾਚੀਨ ਅਤੇ ਨਵੀਨ ਪੰਜਾਬੀ ਕਵਿਤਾ ਵਿਚਕਾਰ ਕੜੀ ਹਨ। ਗੁਰਮੁਖੀ ਲਿੱਪੀ ਲਈ ਟਾਈਪ ਸੈੱਟ ਨੂੰ ਮਿਆਰੀ ਬਣਾਉਣ ਦਾ ਸਿਹਰਾ ਵੀ ਉਨ੍ਹਾਂ ਨੂੰ ਜਾਂਦਾ ਹੈ। ਉੋਨ੍ਹਾਂ ਦਾ ਜਨਮ ਕਿੱਸਾਕਾਰ ਇਮਾਮਬਖ਼ਸ਼ ਦੇ ਪਿੰਡ ਪੱਸੀਆਂਵਾਲਾ, ਜ਼ਿਲਾ ਸਿਆਲਕੋਟ (ਪਾਕਿਸਤਾਨ) ਵਿੱਚ 4 ਅਕਤੂਬਰ, 1876 ਨੂੰ ਹੋਇਆ। ਪਿਤਾ ਪੋਹੂ ਲਾਲ ਸਧਾਰਨ ਦੁਕਾਨਦਾਰ ਸਨ। ਰੁਜ਼ਗਾਰ ਲਈ ਉਨ੍ਹਾਂ ਦਾ ਪਰਿਵਾਰ ਲੋਪੋਕੇ ਜ਼ਿਲਾ ਅੰਮ੍ਰਿਤਸਰ ਵਿੱਚ ਆ ਗਿਆ। ਆਰਥਿਕ ਤੰਗੀਆਂ ਕਾਰਨ ਸਿੱਖਿਆ ਪ੍ਰਾਇਮਰੀ ਤੱਕ ਹੀ ਹੋ ਸਕੀ। ਢਿੱਡ ਭਰਨ ਲਈ ਉਨ੍ਹਾਂ ਨੇ ਵਸੀਕਾ ਨਵੀਸੀ ਸਿੱਖੀ। 17 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਭਾਈ ਵੀਰ ਸਿੰਘ ਦੇ ‘ਵਜ਼ੀਰ ਹਿੰਦ ਪ੍ਰੈੱਸ’ ਵਿੱਚ ਨੌਕਰੀ ਮਿਲ ਗਈ। ਇਥੇ ਕੰਮ ਕਰਦੇ ਸਮੇਂ ਉਨ੍ਹਾਂ ਨੂੰ ਕਵਿਤਾ ਲਿਖਣ ਦੀ ਚੇਟਕ ਲੱਗੀ। 1926 ਵਿੱਚ ਅੰਮ੍ਰਿਤਸਰ ਵਿੱਚ ਜਦੋਂ ਪੰਜਾਬੀ ਸਭਾ ਬਣੀ ਤਾਂ ਚਾਤ੍ਰਿਕ ਜੀ ਨੂੰ ਉਸ ਦਾ ਪ੍ਰਧਾਨ ਚੁਣਿਆ ਗਿਆ। ਇਸ ਸਭਾ ਵਿੱਚ ਸ. ਚਰਨ ਸਿੰਘ, ਮੌਲਾ ਬਖਸ਼ ਕੁਸ਼ਤਾ, ਹੀਰਾ ਸਿੰਘ ਦਰਦ, ਪ੍ਰਿੰਸੀਪਲ ਤੇਜਾ ਸਿੰਘ, ਗਿਆਨੀ ਗੁਰਮੁਖ ਸਿੰਘ ਮੁਸਾਫਿਰ, ਵਿਧਾਤਾ ਸਿੰਘ ਤੀਰ, ਲਾਲਾ ਕਿਰਪਾ ਸਾਗਰ, ਫਜ਼ਲਦੀਨ ਅਤੇ ਉਸਤਾਦ ਹਮਦਮ ਵਰਗੇ ਉੱਘੇ ਸਾਹਿਤਕਾਰ ਸ਼ਾਮਿਲ ਸਨ।
ਉਨ੍ਹਾਂ ਦੀਆਂ ਰਚਨਾਵਾਂ ਵਿੱਚ ਭਰਤਰਹਰੀ (1905), ਨਲ ਦਮਯੰਤੀ (1906), ਫੁੱਲਾਂ ਦੀ ਟੋਕਰੀ (1904),ਧਰਮਵੀਰ (1912),ਚੰਦਨਵਾੜੀ (1931), ਕੇਸਰ ਕਿਆਰੀ (1940), ਨਵਾਂ ਜਹਾਨ (1945), ਸੂਫੀਖਾਨਾ (1950), ਨੂਰਜਹਾਂ ਬਾਦਸ਼ਾਹ ਬੇਗਮ (1953) ਸ਼ਾਮਲ ਹਨ। ਉਨ੍ਹਾਂ ਦੀ ਅੰਤਮ ਰਚਨਾ 1954 ਵਿੱਚ ਸ਼ਾਹਮੁਖੀ ਲਿਪੀ ਵਿੱਚ ਪ੍ਰਕਾਸ਼ਿਤ ਹੋਈ ਸੀ। ਬਾਕੀ ਸਾਰੀਆਂ ਗੁਰਮੁਖੀ ਲਿਪੀ ਵਿੱਚ ਹਨ। ਮੁਹਾਵਰੇਦਾਰ ਠੇਠ ਪੰਜਾਬੀ ਉਨ੍ਹਾਂ ਦੀ ਵੱਖਰੀ ਪਛਾਣ ਹੈ।