ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 14 ਜੁਲਾਈ
ਸ਼੍ਰੋਮਣੀ ਅਕਾਲੀ ਦਲ (ਡ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਕ ਸਿਆਸੀ ਪਰਿਵਾਰ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਅਤੇ ਸਾਬਕਾ ਸਪੀਕਰ ਰਵੀਇੰਦਰ ਸਿੰਘ ਦੁੱਮਣਾ ਨਾਲ ਮਿਲ ਕੇ ਐੱਸਜੀਪੀਸੀ ਚੋਣਾਂ ਲੜੀਆਂ ਜਾਣਗੀਆਂ। ਉਹ ਇੱਥੇ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਮੁਹਾਲੀ ਹਲਕੇ ਦੇ ਕਾਰਕੁਨਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਢੀਂਡਸਾ ਨੇ ਆਖਿਆ ਕਿ ਉਹ ਵਫ਼ਾਦਾਰ ਵਰਕਰਾਂ ਦੇ ਪ੍ਰਧਾਨ ਹਨ ਜਦੋਂਕਿ ਸੁਖਬੀਰ ਬਾਦਲ ਵਪਾਰੀਆਂ ਦੇ ਅਕਾਲੀ ਦਲ ਦੇ ਪ੍ਰਧਾਨ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਵਰਕਰਾਂ ’ਤੇ ਜਬਰੀ ਕੋਈ ਫੈਸਲਾ ਨਹੀਂ ਥੋਪਣਗੇ ਸਗੋਂ ਸਾਰੇ ਫੈਸਲੇ ਵਰਕਰਾਂ ਦੀ ਸਲਾਹ ਨਾਲ ਕੀਤੇ ਜਾਣਗੇ। ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮੁੱਦੇ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਅਤੇ ਸਮਾਂਬੱਧ ਜਾਂਚ ਕਰਵਾ ਕੇ ਕਸੂਰਵਾਰਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾਵੇ। ਉਨ੍ਹਾਂ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਸੀਨੀਅਰ ਅਕਾਲੀ ਅਤੇ ਕਾਂਗਰਸੀ ਆਗੂ ਅਸਲੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਜਥੇਦਾਰ ਅਰਜਨ ਸਿੰਘ ਸ਼ੇਰਗਿੱਲ, ਜਸਵਿੰਦਰ ਸਿੰਘ ਵਿਰਕ ਅਤੇ ਅਮਨਦੀਪ ਸਿੰਘ ਆਬਿਆਨਾ ਜਥੇਦਾਰ ਸੁਰਿੰਦਰ ਸਿੰਘ ਕਲੇਰ, ਮੀਤ ਪ੍ਰਧਾਨ ਜਥੇਦਾਰ ਕਰਮ ਸਿੰਘ, ਸਰਕਲ ਸ਼ਹਿਰੀ ਪ੍ਰਧਾਨ ਡਾ. ਮੇਜਰ ਸਿੰਘ, ਸਰਕਲ ਪ੍ਰਧਾਨ ਸੰਤੋਖ ਸਿੰਘ, ਸਰਕਲ ਦਿਹਾਤੀ ਪ੍ਰਧਾਨ ਬਲਜੀਤ ਸਿੰਘ, ਸੀਨੀਅਰ ਆਗੂ ਜਸਵਿੰਦਰ ਸਿੰਘ ਵਿਰਕ ਆਦਿ ਹਾਜ਼ਰ ਸਨ।
ਡੇਰਾ ਮੁਖੀ ਨੂੰ ਪੁਸ਼ਾਕ ਦੇਣ ਸਬੰਧੀ ਸੁਖਬੀਰ ਨੂੰ ਪੰਥ ਤੋਂ ਛੇਕਿਆ ਜਾਵੇ: ਸੇਖਵਾਂ
ਬਟਾਲਾ (ਨਿੱਜੀ ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਸੀਨੀਅਰ ਲੀਡਰ ਅਤੇ ਸਾਬਕਾ ਕੈਬਨਿਟ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਤੋਂ ਮੰਗ ਕੀਤੀ ਹੈ ਕਿ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਪੁਸ਼ਾਕ ਦੇਣ ਦੇ ਮਾਮਲੇ ’ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਥ ਤੋਂ ਛੇਕਿਆ ਜਾਵੇ। ਉਨ੍ਹਾਂ ਆਖਿਆ ਕਿ ਜੇਕਰ ਰਾਮ ਰਹੀਮ ਨੂੰ 2007 ਵਿਚ ਪੁਸ਼ਾਕ ਪਾ ਕੇ ਦਸਵੇਂ ਪਾਤਸ਼ਾਹ ਦਾ ਸਵਾਂਗ ਰਚਾਉਣ ’ਤੇ ਪੰਥ ਤੋਂ ਛੇਕਿਆ ਜਾ ਸਕਦਾ ਹੈ ਤਾਂ ਸੁਖਬੀਰ ਬਾਦਲ ਨੂੰ ਕਿਉਂ ਨਹੀਂ ਛੇਕਿਆ ਜਾ ਸਕਦਾ। ਜਥੇਦਾਰ ਸੇਖਵਾਂ ਨੇ ਬਾਦਲ ਪਰਿਵਾਰ ’ਤੇ ਇਲਜ਼ਾਮ ਲਾਉਂਦਿਆਂ ਆਖਿਆ ਕਿ ਉਨ੍ਹਾਂ ਦੇ ਡੇਰਾ ਸਿਰਸਾ ਮੁਖੀ ਨਾਲ ਸਬੰਧਾਂ ਦਾ ਖ਼ੁਲਾਸਾ ਡੇਰੇ ਦੀ ਪੈਰੋਕਾਰ ਬੀਬੀ ਵੀਰਪਾਲ ਕੌਰ ਦੁਆਰਾ ਕੀਤੀਆਂ ਗੱਲਾਂ ਤੋਂ ਹੁੰਦਾ ਹੈ, ਜਿਸ ਨੇ ਸੁਖਬੀਰ ਬਾਦਲ ਦੁਆਰਾ ਖ਼ੁਦ ਡੇਰਾ ਮੁਖੀ ਨੂੰ ਪੁਸ਼ਾਕ ਦੇਣ ਦੀ ਗੱਲ ਆਖੀ ਸੀ।