ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਅਗਸਤ
ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਪੀਏ ਨੂੰ ਪਾਰਟੀ ’ਚ ਸ਼ਾਮਲ ਕਰਨ ਤੋਂ ਕਾਂਗਰਸ ’ਚ ਰੌਲਾ ਪੈ ਗਿਆ ਹੈ। ਸ੍ਰੀ ਗੁਰਮਿੰਦਰਜੀਤ ਸਿੰਘ ਬਬਲੂ ਨੇ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਦੇ ਮੱਦੇਨਜ਼ਰ ਕਾਂਗਰਸ ’ਚ ਸ਼ਾਮਲ ਹੋ ਰਹੇ ਹਨ। ਸਾਢੇ ਤਿੰਨ ਸਾਲ ਤੱਕ ਸਥਾਨਕ ਵਿਧਾਇਕ ਉੱਤੇ ਸ਼ਹਿਰ ਦੇ ਵਿਕਾਸ ਕੰਮਾਂ ’ਚ ਅੜਿੱਕਾ ਡਾਹੁਣ ਦਾ ਦੋਸ਼ ਲਾਉਣ ਵਾਲੇ ਇਸ ਸਾਬਕਾ ਕੌਂਸਲਰ ਵੱਲੋਂ ਕਾਂਗਰਸੀ ਵਿਧਾਇਕ ਨਾਲ ਜੱਫ਼ੀ ਪਾਉਣ ਦੀ ਸ਼ਹਿਰ ’ਚ ਸਿਆਸੀ ਚਰਚਾ ਹੈ। ਪੰਜਾਬ ਕਾਂਗਰਸ ਸੂਬਾਈ ਸਕੱਤਰ ਤੇ ਪਾਰਟੀ ਬੁਲਾਰੇ ਡਾ.ਤਾਰਾ ਸਿੰਘ ਸੰਧੂ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਵਿਧਾਇਕ ਨੂੰ ਦਾਗੀ ਅਕਾਲੀਆਂ ਨੂੰ ਪਾਰਟੀ ’ਚ ਲੈਣ ਦੀ ਬੱਜਰ ਗਲਤੀ ਨਹੀਂ ਕਰਨੀ ਚਾਹੀਦੀ ਸੀ। ਪ੍ਰੋਟੋਕਾਲ ਮੁਤਾਬਕ ਪਾਰਟੀ ’ਚ ਕਿਸੇ ਨੂੰ ਸ਼ਾਮਲ ਕਰਵਾਉਣ ਪਾਰਟੀ ਪ੍ਰਧਾਨ ਦਾ ਹੁੰਦਾ ਹੈ ਨਾ ਕਿ ਵਿਧਾਇਕ ਦਾ। ਉਨ੍ਹਾਂ ਕਿਹਾ ਕਿ ਪਹਿਲਾਂ ਹੋਟਲ ’ਚ ਦੇਹ ਵਪਾਰ ਦਾ ਧੰਦਾਂ ਚਲਾਉਣ ਵਾਲੇ ਅਕਾਲੀ ਆਗੂ ਨੂੰ ਸ਼ਾਮਲ ਕਰਕੇ ਬੱਜਰ ਗਲਤ ਕੀਤੀ, ਹੁਣ ਦੂਜੀ ਵੱਡੀ ਗਲਤੀ ਅਕਾਲੀ ਹਕੂਮਤ ’ਚ ਕਰੋੜਾਂ ਰੁਪਏ ਦੇ ਘਪਲੇ ਕਰਨ ਅਤੇ ਪਿੰਡ ਜਨੇਰ ਦੀ ਪੁਰਾਤਤਵ ਥੇਹ ਦੀ ਮਿੱਟੀ ਵੇਚਣ ਵਾਲੇ ਨੂੰ ਸ਼ਾਮਲ ਕਰਕੇ ਹੋਰ ਵੱਡੀ ਬੱਜਰ ਗਲਤੀ ਕੀਤੀ ਹੈ। ਸ੍ਰੀ ਸੰਧੂ ਨੇ ਅੱਗੇ ਕਿਹਾ ਕਿ ਕਾਂਗਰਸ ਆਗੂ ਨੂੰ ਸਮਝ ਨਹੀਂ ਅਕਾਲੀ ਆਗੂ ਨਿਗਰ ਨਿਗਮ ਚੋਣਾਂ ’ਚ ਨਿਗਮ ਉੱਤੇ ਮੁੜ ਕਬਜ਼ਾ ਕਰਨ ਲਈ ਅਕਾਲੀਆਂ ਨੂੰ ਅਸਿੱਧੇ ਢੰਗ ਨਾਲ ਕਾਂਗਰਸ ’ਚ ਸ਼ਾਮਲ ਕਰਵਾਉਣ ਦੀ ਗੁੱਝੀ ਚਾਲ ਹੈ। ਕਾਂਗਰਸ’ਚ ਸ਼ਾਮਲ ਹੋਏ ਸਾਬਕਾ ਅਕਾਲੀ ਕੌਂਸਲਰ ਗੁਰਮਿੰਦਰਜੀਤ ਸਿੰਘ ਬਬਲੂ ਨੇ ਕਾਂਗਰਸ ਆਗੂ ਵੱਲੋਂ ਲਾਏ ਦੋਸ਼ਾਂ ਉੱਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਦੇ ਆਖਿਆ ਕਿ ਉਸ ਬਾਰੇ ਸਾਰੇ ਲੋਕ ਭਲੀਭਾਂਤ ਜਾਣੂ ਹਨ।