ਗੁਰਿੰਦਰ ਸਿੰਘ
ਲੁਧਿਆਣਾ, 3 ਨਵੰਬਰ
ਕੇਂਦਰ ਸਰਕਾਰ ਦੇ ਪੰਜਾਬ ਵਿਰੋਧੀ ਵਤੀਰੇ ਦੇ ਰੋਸ ਵੱਜੋਂ ਵਪਾਰਕ ਜਥੇਬੰਦੀ ਲੁਧਿਆਣਾ ਵਪਾਰ ਮੰਡਲ ਨੇ ਕੇਂਦਰੀ ਰੇਲ ਮੰਤਰੀ ਨੂੰ ਘੁੰਗਰੂ ਭੇਜ ਕੇ ਪੰਜਾਬ ਭਰ ਵਿੱਚ ਭਾਜਪਾ ਆਗੂਆਂ ਦੇ ਪੁਤਲੇ ਫੂਕਣ ਅਤੇ ਆਪਣੇ ਕਾਰੋਬਾਰੀ ਅਦਾਰਿਆਂ ਦੀਆਂ ਚਾਬੀਆਂ ਪ੍ਰਧਾਨ ਮੰਤਰੀ ਨੂੰ ਭੇਜਣ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਪ੍ਰਧਾਨ ਮਨਿੰਦਰ ਪਾਲ ਸਿੰਘ ਗੁਲਿਆਨੀ ਨੇ ਆਨਲਾਈਨ ਸ਼ੌਪਿੰਗ ਸਾਈਟ ਐਮਾਜ਼ੋਨ ਤੇ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਲਈ ਆਨਲਾਈਨ ਘੁੰਗਰੂਆਂ ਦਾ ਆਰਡਰ ਦਿੱਤਾ ਹੈ ਜੋ ਐਮਾਜ਼ੋਨ ਵੱਲੋਂ ਮੁੰਬਈ ਸਥਿਤ ਰੇਲ ਮੰਤਰੀ ਪਿਊਸ਼ ਗੋਇਲ ਦੇ ਪਤੇ ’ਤੇ ਡਿਲੀਵਰ ਕੀਤੇ ਜਾਣਗੇ। ਅੱਜ ਇੱਥੇ ਸ੍ਰੀ ਗੁਲਿਆਣੀ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਵੱਲੋਂ ਮਾਲ ਗੱਡੀਆਂ ਦੀ ਆਵਾਜਾਈ ਲਈ ਪਟੜੀਆਂ ਨੂੰ ਖਾਲੀ ਕੀਤੇ ਜਾਣ ਦੇ ਬਾਵਜੂਦ ਰੇਲ ਮੰਤਰੀ ਹਾਲੇ ਵੀ ਵੱਡੇ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਤੇ ਨੱਚ ਰਹੇ ਹਨ ਅਤੇ ਉਨ੍ਹਾਂ ਵੱਡੇ ਕਾਰਪੋਰੇਟ ਘਰਾਣਿਆਂ ਦੇ ਆਦੇਸ਼ਾਂ ਤੇ ਪੰਜਾਬ ਲਈ ਮਾਲ ਗੱਡੀਆਂ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ।
ਉਨ੍ਹਾਂ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇ ਅਗਲੇ ਸੱਤ ਦਿਨਾਂ ਦੇ ਅੰਦਰ ਅੰਦਰ ਪੰਜਾਬ ਚ ਮਾਲ ਗੱਡੀਆਂ ਦੀ ਸੇਵਾ ਬਹਾਲ ਨਾ ਕੀਤੀ ਗਈ ਤਾਂ ਉਹ ਮੋਦੀ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰਕੇ ਪੰਜਾਬ ਭਰ ਚ ਭਾਜਪਾ ਆਗੂਆਂ ਦੇ ਪੁਤਲੇ ਫੂਕਣਗੇ ਅਤੇ ਆਪਣੀਆਂ ਦੁਕਾਨਾਂ ਤੇ ਫੈਕਟਰੀਆਂ ਨੂੰ ਤਾਲੇ ਲਗਾ ਕੇ ਚਾਬੀਆਂ ਪ੍ਰਧਾਨ ਮੰਤਰੀ ਨੂੰ ਭੇਜ ਕੇ ਆਪਣਾ ਰੋਸ ਪ੍ਰਗਟ ਕਰਨਗੇ।
ਤਰੁਣ ਚੁੱਘ ਤੇ ਸੂਬਾ ਭਾਜਪਾ ਪ੍ਰਧਾਨ ਲਈ ਵੀ ਭੇਜੀਆਂ ਚੂੜੀਆਂ
ਲੁਧਿਆਣਾ ਵਪਾਰ ਮੰਡਲ ਦੇ ਪ੍ਰਧਾਨ ਗੁਲਿਆਨੀ ਨੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਵੀ ਸੂਬੇ ਵਿੱਚ ਘਟੀਆ ਸਿਆਸਤ ਕਰਨ ’ਤੇ ਚੂੜੀਆਂ ਭੇਜੀਆਂ ਹਨ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵੇਲੇ ਤਰੁਣ ਚੁੱਘ ਤੇ ਅਸ਼ਵਨੀ ਸ਼ਰਮਾ ਦੀ ਭੂਮਿਕਾ ਨਾ ਸਿਰਫ਼ ਕਿਸਾਨ ਵਿਰੋਧੀ ਹੈ ਸਗੋਂ ਵਪਾਰੀਆਂ ਦੇ ਖ਼ਿਲਾਫ਼ ਵੀ ਹੈ ਅਤੇ ਇਹ ਆਗੂ ਪੰਜਾਬ ਦਾ ਸ਼ਾਂਤਮਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।