ਪਾਲ ਸਿੰਘ ਨੌਲੀ
ਜਲੰਧਰ, 18 ਫਰਵਰੀ
ਜ਼ਿਲ੍ਹਾ ਜਲੰਧਰ ਵਿੱਚ ਕਿਸਾਨਾਂ ਨੇ ਪੰਜ ਥਾਵਾਂ ’ਤੇ ਰੇਲਵੇ ਲਾਈਨਾਂ ’ਤੇ ਧਰਨਾ ਦਿੱਤਾ। ਜਲੰਧਰ ਛਾਉਣੀ ,ਫਿਲ਼ੌਰ, ਲੋਹੀਆਂ ਖ਼ਾਸ ਰੇਲਵੇ ਸ਼ਟੇਸ਼ਨਾਂ ’ਤੇ ਕਿਸਾਨਾਂ ਤੇ ਮਜ਼ਦੂਰਾਂ ਨੇ ਧਰਨੇ ਲਾਏ। ਇਸੇ ਤਰ੍ਹਾਂ ਜਲੰਧਰ ਪਾਠਨਕੋਟ ਜਾਣ ਵਾਲੇ ਰੇਲਵੇ ਮਾਰਗ ’ਤੇ ਵੀ ਦੋਆਬਾ ਕਿਸਾਨ ਸੰਘਰਸ਼ ਕਮੇਟੀ ਨੇ ਧਰਨਾ ਲਾਇਆ। ਇਨ੍ਹਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ,ਕਿਰਤੀ ਕਿਸਾਨ ਯੂਨੀਅਨ, ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ,ਇਸਤਰੀ ਜਾਗ੍ਰਤੀ ਮੰਚ ਦੀ ਆਗੂ ਜਸਵੀਰ ਜੱਸੀ, ਐਡਵੋਕੇਟ ਰਾਜਿੰਦਰ ਮੰਡ, ਬਹੁਜਨ ਸਮਾਜ ਫਰੰਟ ਦੇ ਆਗੂ ਸੁਖਵਿੰਦਰ ਸਿੰਘ ਕੋਟਲੀ , ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ ਤੇ ਵੱਡੀ ਗਿਣਤੀ ਵਿੱਚ ਔਰਤਾਂ ਨੇ ਹਿੱਸਾ ਲਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਅ ਦੀ ਅਗਵਾਈ ਹੇਠ ਲੋਹੀਆ ਫਾਟਕ ਕੋਲ ਧਰਨਾ ਲਾਇਆ ਗਿਆ। ਕਿਰਤੀ ਕਿਸਾਨ ਯੂਨੀਅਨ ਤੇ ਜਮਹੂਰੀ ਕਿਸਾਨ ਸਭਾ ਨੇ ਫਿਲੌਰ ਰੇਲਵੇ ਲਾਈਨਾਂ ‘ਤੇ ਧਰਨਾ ਲਾਇਆ।
ਰੇਲਵੇ ਸ਼ਟੇਸ਼ਨ ਜਲੰਧਰ ਛਾਉਣੀ ਵਿੱਚ ਸਵਰਾਜ ਐਕਸਪ੍ਰੈਸ ਰੇਲ ਗੱਡੀ ਖੜੀ ਰਹੀ, ਜਿਸ ਨੇ ਕਟੜਾ ਜਾਣਾ ਸੀ। ਇਸ ਵਿੱਚ ਗੁਜਰਾਤ ਦੇ ਵਡੋਦਰਾ ਤੋਂ ਆਏ ਦਲ ਵਿੱਚ ਔਰਤਾਂ ਸਣੇ 50 ਦੇ ਕਰੀਬ ਮੈਂਬਰ ਸਨ। ਚਾਰ ਘੰਟੇ ਗੱਡੀ ਦੇ ਰੁਕਣ ਕਾਰਨ ਉਨ੍ਹਾਂ ਗੁਜਰਾਤ ਦਾ ਰਵਾਇਤੀ ਡਾਂਸ ਗਰਬਾ ਕੀਤਾ। ਛੋਟਾ ਸਪੀਕਰ ਲਾ ਕੇ ਔਰਤਾਂ ਨੇ ਗਰਬਾ ਕਰਕੇ ਆਪਣਾ ਮਨੋਰੰਜਨ ਕਰਕੇ ਸਮਾਂ ਗੁਜ਼ਾਰਿਆ।
ਜਲੰਧਰ ਛਾਉਣੀ ਦੇ ਰੇਲਵੇ ਸ਼ਟੇਸ਼ਨ ਤੇ ਸਿਟੀ ਦੇ ਰੇਲਵੇ ਸ਼ਟੇਸ਼ਨ ‘ਤੇ ਰੇਲ ਗੱਡੀਆਂ ਵਿੱਚ ਸਫ਼ਰ ਕਰਨ ਲਈ ਆਏ ਯਾਤਰੂ ਪਰੇਸ਼ਾਨ ਹੁੰਦੇ ਰਹੇ ਤੇ ਖ਼ਾਸ ਕਰਕੇ ਬੱਚੇ। ਬੀਕੇਯੂ ਰਾਜੇਵਾਲ ਦੇ ਜਿਲ੍ਹਾਂ ਜਨਰਲ ਸਕੱਤਰ ਕੁਲਵਿੰਦਰ ਸਿੰਘ ਮੱਛਿਆਣਾ ਨੇ ਦੱਸਿਆ ਕਿ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਿਹਾ ਕਿਸਾਨ ਅੰਦੋਲਨ ਪਹਿਲਾਂ ਵਾਂਗ ਹੀ ਜ਼ੋਰ ਫੜਦਾ ਜਾ ਰਿਹਾ ਹੈ।