ਜੋਗਿੰਦਰ ਸਿੰਘ ਮਾਨ
ਮਾਨਸਾ, 21 ਨਵੰਬਰ
ਕੇਂਦਰ ਸਰਕਾਰ ਦੇ ਤਿੰਨ ਵਿਵਾਦਿਤ ਖੇਤੀ ਬਿਲਾਂ ਖ਼ਿਲਾਫ਼ ਰੇਲ ਮਾਰਗਾਂ ਨੂੰ ਜਾਮ ਕਰੀ ਬੈਠੇ ਪੰਜਾਬ ਦੇ ਕਿਸਾਨ 23 ਨਵੰਬਰ ਤੋਂ ਮਾਲ ਗੱਡੀਆਂ ਦੇ ਨਾਲ ਰੇਲ ਗੱਡੀਆਂ ਨੂੰ ਵੀ ਲਾਂਘਾ ਦੇਣ ਲਈ ਸਹਿਮਤ ਹੋ ਗਏ ਹਨ। ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮੀਟਿੰਗ ਮਗਰੋਂ ਇਹ ਐਲਾਨ ਕੀਤਾ। ਸੂਬੇ ਵਿਚ ਹੁਣ 23 ਨਵੰਬਰ ਤੋਂ ਮਾਲ ਗੱਡੀਆਂ ਦੇ ਨਾਲ ਨਾਲ ਮੁਸਾਫ਼ਰ ਰੇਲਾਂ ਵੀ ਚੱਲ ਸਕਣਗੀਆਂ। ਜਥੇਬੰਦੀਆਂ ਨੇ ਸਾਫ਼ ਕਰ ਦਿੱਤਾ ਹੈ ਕਿ ਇਹ ਖੁੱਲ੍ਹ15 ਦਿਨਾਂ ਲਈ ਹੋਵੇਗੀ ਅਤੇ ਜੇਕਰ ਸਰਕਾਰ ਨੇ ਇਸ ਦੌਰਾਨ ਖੇਤੀ ਬਿਲਾਂ ਨੂੰ ਲੈ ਕੇ ਆਪਣਾ ਨਜ਼ਰੀਆ ਨਾ ਬਦਲਿਆ ਤਾਂ 10 ਦਸੰਬਰ ਤੋਂ ਮੁੜ ਰੇਲ ਮਾਰਗਾਂ ’ਤੇ ਅਣਮਿੱਥੇ ਸਮੇਂ ਦੇ ਧਰਨੇ ਲਾਏ ਜਾਣਗੇ। ਇਸ ਤੋਂ ਪਹਿਲਾਂ ਜਥੇਬੰਦੀਆਂ ਨਾਲ ਮੁੱਖ ਮੰਤਰੀ ਦੀ ਹੋਈ ਮੀਟਿੰਗ ਵਿੱਚ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਬਕਾਇਦਾ ਰੇਲਾਂ ਚਲਾਉਣ ਲਈ ਬੇਨਤੀ ਕੀਤੀ ਗਈ ਸੀ।
ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ (ਮਾਨਸਾ) ਦੇ ਸੂਬਾਈ ਪ੍ਰਧਾਨ ਬੋਘ ਸਿੰਘ ਨੇ ਫੋਨ ’ਤੇ ਦੱਸਿਆ ਕਿ ਕਿਸਾਨ ਜਥੇਬੰਦੀਆਂ 23 ਨਵੰਬਰ ਤੋਂ ਰੇਲ ਗੱਡੀਆਂ ਚਲਾਉਣ ਲਈ ਰੇਲਵੇ ਲਾਈਨਾਂ ਖ਼ਾਲੀ ਕਰ ਦੇਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਦਾ ਕਿਸਾਨਾਂ ਪ੍ਰਤੀ ਨਜ਼ਰੀਆ ਅਜੇ ਵੀ ਨਾ ਬਦਲਿਆ ਤਾਂ ਜਥੇਬੰਦੀਆਂ 10 ਦਸੰਬਰ ਤੋਂ ਮੁੜ ਰੇਲਵੇ ਲਾਈਨਾਂ ਉਪਰ ਅਣਮਿੱਥੇ ਸਮੇਂ ਲਈ ਧਰਨੇ ਲਾਉਣਗੀਆਂ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦਿੱਲੀ ਵਿੱਚ ਧਰਨਾ ਦੇਣ ਲਈ ਬਕਾਇਦਾ ਕੂਚ ਕਰਨਗੀਆਂ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਵੱਲੋਂ ਰੇਲਵੇ ਲਾਈਨਾਂ ਤੋਂ ਬਿਨਾਂ ਹੋਰਨਾਂ ਥਾਵਾਂ ’ਤੇ ਧਰਨੇ ਪਹਿਲਾਂ ਵਾਂਗ ਜਾਰੀ ਰਹਿਣਗੇ।