ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 15 ਦਸੰਬਰ
ਇੱਥੋਂ ਦੇ ਲਾਂਡਰਾਂ-ਬਨੂੜ ਸੜਕ ’ਤੇ ਪਿੰਡ ਭਾਗੋਮਾਜਰਾ ਨੇੜੇ ਲੰਘੀ ਰਾਤ ਵਾਪਰੇ ਸੜਕ ਹਾਦਸੇ ’ਚ ਦੋ ਕਿਸਾਨਾਂ ਦੀ ਮੌਤ ਹੋ ਗਈ ਜਦਕਿ ਛੋਟੇ ਟੈਂਪੂ ਦੇ ਚਾਲਕ ਸਣੇ ਸੱਤ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਪਿੰਡ ਵਾਸੀਆਂ ਨੇ ਜ਼ਖ਼ਮੀਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਫੇਜ਼-6 ਵਿੱਚ ਦਾਖ਼ਲ ਕਰਵਾਇਆ ਗਿਆ ਜਿਨ੍ਹਾਂ ’ਚੋਂ ਚਾਰ ਕਿਸਾਨਾਂ ਨੂੰ ਪੀਜੀਆਈ ਅਤੇ ਸੈਕਟਰ-32 ਹਸਪਤਾਲ ਵਿੱਚ ਰੈੱਫਰ ਕੀਤਾ ਗਿਆ। ਮ੍ਰਿਤਕਾਂ ਦੀ ਪਛਾਣ ਸੁਖਦੇਵ ਸਿੰਘ (70) ਵਾਸੀ ਪਿੰਡ ਡਡਿਆਣਾ (ਫਤਹਿਗੜ੍ਹ ਸਾਹਿਬ) ਅਤੇ ਦੀਪ ਸਿੰਘ (65) ਵਾਸੀ ਪਿੰਡ ਪੋਪਨਾ (ਖਰੜ) ਵਜੋਂ ਹੋਈ ਹੈ। ਅੱਜ ਸਰਕਾਰੀ ਹਸਪਤਾਲ ’ਚ ਪੋਸਟ ਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪੀਆਂ ਗਈਆਂ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਸਵੇਰੇ ਸਰਕਾਰੀ ਹਸਪਤਾਲ ਵਿੱਚ ਪਹੁੰਚ ਜ਼ਖ਼ਮੀ ਕਿਸਾਨਾਂ ਦਾ ਹਾਲ ਪੁੱਛਿਆ।
ਟੈਂਪੂ ਚਾਲਕ ਮਨਪ੍ਰੀਤ ਸਿੰਘ ਵਾਸੀ ਮਜਾਤੜੀ ਨੇ ਦੱਸਿਆ ਕਿ ਦਿੱਲੀ ਦੇ ਸਿੰਘੂ ਬਾਰਡਰ ’ਤੇ ਚੱਲ ਰਹੇ ਕਿਸਾਨ ਮੋਰਚੇ ਤੋਂ ਕੁਝ ਕਿਸਾਨ ਉਸ ਦੇ ਛੋਟੇ ਹਾਥੀ ਵਿੱਚ ਆਪਣੇ ਘਰ ਪਰਤ ਰਹੇ ਸੀ। ਉਹ ਪਿੰਡ ਭਾਗੋਮਾਜਰਾ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰਾਲੇ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਦੋ ਕਿਸਾਨਾਂ ਸੁਖਦੇਵ ਸਿੰਘ ਅਤੇ ਦੀਪ ਸਿੰਘ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਉਸ ਸਮੇਤ ਪਵਨ ਕੁਮਾਰ, ਭਾਗ ਸਿੰਘ ਸਾਬਕਾ ਸਰਪੰਚ, ਮੂਲਾ ਰਾਮ, ਮਹੀਪਾਲ ਸਿੰਘ, ਦਿਲਬਾਗ ਸਿੰਘ ਵਾਸੀ ਪਿੰਡ ਰੰਗੀਆਂ ਅਤੇ ਸੁਖਦਰਸ਼ਨ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਸੋਹਾਣਾ ਥਾਣਾ ਦੇ ਐੱਸਐੱਚਓ ਦਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਟੈਂਪੂ ਚਾਲਕ ਦੇ ਬਿਆਨਾਂ ’ਤੇ ਟਰਾਲੇ ਦੇ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।