ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 23 ਜੁਲਾਈ
ਸਬ ਸਟੇਸ਼ਨ ਕਰਤਾਰਪੁਰ ਵਿੱਚ ਟਰਾਂਸਕੋ ਦੇ ਦੋ ਕਰਮਚਾਰੀਆਂ ਦੀਆਂ ਡੰਡ-ਬੈਠਕਾਂ ਕਢਾਉਣ ਵਾਲੇ ਕਿਸਾਨ ਆਗੂ ਨੇ ਮੁਲਾਜ਼ਮਾਂ ਕੋਲੋਂ ਯੂਨੀਅਨ ਆਗੂਆਂ ਦੀ ਹਾਜ਼ਰੀ ਵਿੱਚ ਲਿਖਤੀ ਤੌਰ ’ਤੇ ਮੁਆਫੀ ਮੰਗੀ ਹੈ। ਬਿਜਲੀ ਦੀ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਲੈਣ ਲਈ ਆਪਣੇ ਸਾਥੀਆਂ ਸਮੇਤ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਨੇ ਸਬ ਸਟੇਸ਼ਨ ਵਿੱਚ ਤਾਇਨਾਤ ਮੁਲਾਜ਼ਮਾਂ ਕੋਲੋਂ ਕਥਿਤ ਧੱਕੇਸ਼ਾਹੀ ਕਰਦਿਆਂ ਉਨ੍ਹਾਂ ਨੂੰ ਡੰਡ ਬੈਠਕਾਂ ਕੱਢਣ ਲਈ ਮਜਬੂਰ ਕੀਤਾ ਸੀ।
ਇਸ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਪਾਵਰਕੌਮ ਤੇ ਟਰਾਂਸਕੋ ਦੀਆਂ ਵੱਖ ਵੱਖ ਯੂਨੀਅਨਾਂ ਦੇ ਦਬਾਅ ਕਾਰਨ ਕਿਸਾਨ ਆਗੂ ਤੇ ਉਸ ਦੇ ਸਾਥੀਆਂ ਸਮੇਤ ਥਾਣਾ ਕਰਤਾਰਪੁਰ ਵਿੱਚ ਸੰਗੀਨ ਧਾਰਾਵਾਂ ਲਗਾ ਕੇ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਕਾਰਵਾਈ ਕਰਦਿਆਂ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ। ਇਸ ਸਬੰਧੀ ਅੱਠ ਕਿਸਾਨ ਆਗੂਆਂ ਨੂੰ ਸ਼ਾਮਲ ਤਫ਼ਤੀਸ਼ ਕਰਕੇ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਸੀ। ਇਸ ਮਾਮਲੇ ਨੂੰ ਨਾਟਕੀ ਢੰਗ ਨਾਲ ਖਤਮ ਕਰਦਿਆਂ ਡੰਡ-ਬੈਠਕਾਂ ਕੱਢਣ ਵਾਲੇ ਮੁਲਾਜ਼ਮ ਪ੍ਰਦੀਪ ਕੁਮਾਰ ਅਤੇ ਸੰਤੋਸ਼ ਕੁਮਾਰ ਨੇ ਟਰਾਂਸਕੋ ਦੇ ਸੂਬਾ ਅਤੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕਿਸਾਨ ਆਗੂ ਜਸਵੀਰ ਸਿੰਘ ਲਿੱਟਾਂ ਵੱਲੋਂ ਲਿਖਤੀ ਮੁਆਫੀ ਮੰਗਣ ਉਪਰੰਤ ਆਪਸੀ ਰਜ਼ਾਮੰਦੀ ਹੋਣ ਦਾ ਸਮਝੌਤਾ ਕਰ ਲਿਆ। ਡੀਐੱਸਪੀ ਸਬ ਡਿਵੀਜ਼ਨ ਕਰਤਾਰਪੁਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਹਾਲੇ ਤੱਕ ਅਧਿਕਾਰਤ ਤੌਰ ’ਤੇ ਟਰਾਂਸਕੋ ਦੇ ਮੁਲਾਜ਼ਮਾਂ ਅਤੇ ਕਿਸਾਨ ਆਗੂਆਂ ਵਿਚਕਾਰ ਹੋਏ ਸਮਝੌਤੇ ਦੀ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ।