ਖੇਤਰੀ ਪ੍ਰਤੀਨਿਧ
ਬਟਾਲਾ, 13 ਅਕਤੂਬਰ
ਪੀਸੀਆਰ ਡਿਊਟੀ ’ਤੇ ਤਾਇਨਾਤ ਦੋ ਮਹਿਲਾ ਪੁਲੀਸ ਮੁਲਾਜ਼ਮਾਂ ਵੱਲੋਂ ਇੱਕ ਪਾਰਕ ਵਿੱਚ ਬੈਠੀ ਲੜਕੀ ਦੇ ਥੱਪੜ ਮਾਰਨ ਦੀ ਵੀਡੀਓ ਵਾਇਰਲ ਹੋਣ ਮਗਰੋਂ ਉੱਚ ਅਧਿਕਾਰੀਆਂ ਨੇ ਉਕਤ ਦੋਵੇਂ ਪੁਲੀਸ ਮੁਲਜ਼ਮਾਂ ਦਾ ਤਬਾਦਲਾ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਬਟਾਲਾ ਦੇ ਇੱਕ ਪਾਰਕ ’ਚ ਇੱਕ ਲੜਕੀ, ਮਹਿਲਾ ਪੁਲੀਸ ਮੁਲਾਜ਼ਮਾਂ ਨਾਲ ਬਹਿਸ ਕਰਦੀ ਵਿਖਾਈ ਦੇ ਰਹੀ ਹੈ ਤੇ ਬਹਿਸ ਮਗਰੋਂ ਮਹਿਲਾ ਪੁਲੀਸ ਕਰਮਚਾਰੀ ਉਕਤ ਲੜਕੀ ਨੂੰ ਥੱਪੜ ਮਾਰਦੀ ਵਿਖਾਈ ਦਿੰਦੀ ਹੈ। ਇਸ ਸਬੰਧ ਵਿੱਚ ਉਕਤ ਮਹਿਲਾ ਕਰਮਚਾਰੀਆਂ ਦਾ ਕਹਿਣਾ ਹੈ ਕਿ ਸਕੂਲਾਂ, ਕਾਲਜਾਂ ਅਤੇ ਪਾਰਕਾਂ ’ਤੇ ਉਨ੍ਹਾਂ ਦੀ ਪੀਸੀਆਰ ਡਿਊਟੀ ਲੱਗੀ ਹੈ ਤਾਂ ਜੋ ਸ਼ਹਿਰ ਦਾ ਮਾਹੌਲ ਠੀਕ-ਠਾਕ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਉਕਤ ਪਾਰਕ ਨੇੜਲੇ ਆਈਲੈਟਸ ਸੈਂਟਰਾਂ ਤੋਂ ਕਈ ਪ੍ਰੇਮੀ ਜੋੜੀ ਇੱਥੇ ਆ ਕੇ ਬੈਠਦੇ ਹਨ, ਜਿਨ੍ਹਾਂ ਕਰਕੇ ਆਲੇ-ਦੁਆਲੇ ਦਾ ਮਾਹੌਲ ਖ਼ਰਾਬ ਹੁੰਦਾ ਹੈ। ਇਸ ਸਬੰਧੀ ਪੀਸੀਆਰ ਬਟਾਲਾ ਦੇ ਇੰਚਾਰਜ ਸਬ ਇੰਸਪੈਕਟਰ ਓਂਕਾਰ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਦੋਵੇਂ ਮਹਿਲਾ ਪੁਲੀਸ ਮੁਲਾਜ਼ਮਾਂ ਦੀ ਬਦਲੀ ਪੁਲੀਸ ਲਾਈਨ ਵਿੱਚ ਕਰ ਦਿੱਤੀ ਗਈ ਹੈ।