ਹੁਸ਼ਿਆਰ ਸਿੰਘ ਘਟੌੜਾ
ਰਾਮਾਂ ਮੰਡੀ, 2 ਜੁਲਾਈ
ਪਿਛਲੇ ਦਿਨੀਂ ਪੀਐੱਸਪੀਸੀਐੱਲ ਦੇ ਸਥਾਨਕ ਅਧਿਕਾਰੀਆਂ ਨੇ ਮੰਡੀ ਦੇ ਐਨ ਵਿਚਕਾਰ ਬਣੀਆਂ ਸੈਂਕੜੇ ਝੁੱਗੀਆਂ ਵਿੱਚ ਚੱਲ ਰਹੇ ਬਿਜਲੀ ਦੇ ਨਾਜਾਇਜ਼ ਕੁਨੈਕਸ਼ਨ ਕੱਟ ਦਿੱਤੇ। ਫਿਰ ਇਹ ਸਾਰਾ ਮਾਮਲਾ ਸਥਾਨਕ ਸਿਆਸੀ ਆਗੂਆਂ ਦੇ ਦਰਬਾਰ ਤੱਕ ਜਾ ਪੁੱਜਿਆ ਤੇ ਸਿਆਸੀ ਆਗੂਆਂ ਨੇ ਝੁੱਗੀਆਂ ਦੇ ਬਿਜਲੀ ਕੁਨੈਕਸ਼ਨ ਬਹਾਲ ਕਰਨ ਲਈ ਸਥਾਨਕ ਪੱਧਰ ਦੇ ਬਿਜਲੀ ਅਧਿਕਾਰੀਆਂ ਤੱਕ ਪਹੁੰਚ ਕੀਤੀ। ਮਗਰੋਂ ਇਹ ਗ਼ੈਰਕਾਨੂਨੀ ਕੰਮ ਕਰਨ ਤੋਂ ਮਨ੍ਹਾਂ ਕਰਨ ਦਾ ਖਮਿਆਜ਼ਾ ਸਥਾਨਕ ਪੱਧਰ ਦੇ ਇਕ ਐੱਸਡੀਓ ਨੂੰ ਭੁਗਤਣਾ ਪਿਆ। ਉਸ ਦਾ ਤਬਾਦਲਾ ਬਰੇਟਾ ਮੰਡੀ ਵਿੱਚ ਕਰਕੇ ਜਗਸੀਰ ਸਿੰਘ ਨੂੰ ਇਥੇ ਐੱਸਡੀਓ ਲਗਾ ਦਿੱਤਾ। ਜਦੋਂਕਿ ਜਗਸੀਰ ਸਿੰਘ ਦੀ ਪਹਿਲਾਂ ਤੋਂ ਹੀ ਬਦਲੀ ਦੇ ਆਰਡਰ ਬਰੇਟਾ ਦੇ ਹੋਏ ਪਏ ਸਨ ਪਰ ਉਨ੍ਹਾਂ ਨੂੰ ਬਰੇਟਾ ਵਿੱਚ ਜੁਆਇਨ ਕਰਨ ਤੋਂ ਪਹਿਲਾਂ ਹੀ ਬਦਲ ਕੇ ਰਾਮਾਂ ਮੰਡੀ ਲਗਾ ਦਿੱਤਾ ਗਿਆ। ਹੁਣ ਬੀਤੇ ਕੁਝ ਦਿਨਾਂ ਤੋਂ ਝੁੱਗੀਆਂ ਵਿੱਚ ਮੁੜ ਕੁੰਡੀਆਂ ਰਾਹੀਂ ਰੋਸ਼ਨੀ ਹੋ ਗਈ ਹੈ। ਇਸ ਕਾਰਨ ਨੇੜਲੇ ਘਰਾਂ ਦੇ ਬਿਜਲੀ ਖਪਤਕਾਰ ਪ੍ਰੇਸ਼ਾਨ ਹਨ ਕਿਉਂਕਿ ਉਨ੍ਹਾਂ ਦੇ ਘਰਾਂ ਦੀ ਹੁਣ ਜ਼ਿਆਦਾ ਸਮਾਂ ਬਿਜਲੀ ਡਿੰਮ ਰਹਿ ਰਹੀ ਹੈ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਬਰੇਟਾ ਵਿੱਚ ਬਦਲੇ ਗਏ ਐੱਸਡੀਓ ਨੇ ਆਪਣੀ ਬਦਲੀ ਰੱਦ ਕਰਵਾਉਣ ਲਈ ਪੰਜਾਬ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ। ਇਸ ’ਤੇ ਕਾਰਵਾਈ ਕਰਦਿਆਂ ਹਾਈ ਕੋਰਟ ਨੇ ਬਦਲੀ ’ਤੇ ਰੋਕ ਲਗਾ ਦਿੱਤੀ। ਇਸ ਸਬੰਧੀ ਸਥਾਨਕ ਐੱਸਡੀਓ ਜਗਸੀਰ ਸਿੰਘ ਨੇ ਕਿਹਾ ਕਿ ਉਹ ਦੋ ਦਿਨ ਪਹਿਲਾਂ ਹੀ ਡਿਊਟੀ ’ਤੇ ਆਇਆ ਹੈ ਇਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ ਨਾਲ ਹੀ ਕਿਹਾ ਕਿ ਜੇ ਅਜਿਹੀ ਗੱਲ ਸਾਹਮਣੇ ਆਈ ਤਾਂ ਚੈੱਕ ਕਰਵਾ ਲਵਾਂਗਾ।