ਪਵਨ ਗੋਇਲ
ਭੁੱਚੋ ਮੰਡੀ, 27 ਅਗਸਤ
ਖੇਤੀ ਕਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਮੋਰਚੇ ਕਾਰਨ ਪਿਛਲੇ 11 ਮਹੀਨਿਆਂ ਤੋਂ ਬੰਦ ਪਏ ਵਾਲਮਾਰਟ ਕੰਪਨੀ ਦੇ ਬੈਸਟ ਪ੍ਰਾਈਜ਼ ਮਾਲ ਭੁੱਚੋ ਖੁਰਦ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਕੰਪਨੀ ਵੱਲੋਂ ਪੰਜਾਬ ਵਿਚਲੇ ਹੋਰਨਾ ਮਾਲਾਂ ਵਿੱਚ ਤਬਦੀਲ ਹੋਣ ਜਾਂ ਫਿਰ ਅਸਤੀਫਾ ਦੇਣ ਦੇ ਚਾੜ੍ਹੇ ਹੁਕਮਾਂ ਨੇ 80 ਲੜਕੇ-ਲੜਕੀਆਂ ’ਤੇ ਬੇਰੁਜ਼ਗਾਰੀ ਦੀ ਤਲਵਾਰ ਲਟਕਾ ਦਿੱਤੀ ਹੈ। ਇਨ੍ਹਾਂ ਵਿੱਚੋਂ ਕਰੀਬ ਚਾਰ ਦਰਜਨ ਮੁਲਾਜ਼ਮਾਂ ਨੇ ਬਾਹਰਲੇ ਖਰਚਿਆਂ ਦੇ ਹਿਸਾਬ ਨਾਲ ਗੱਲ ਪਹੁੰਚ ਤੋਂ ਬਾਹਰ ਹੋਣ ਕਾਰਨ ਅਸਤੀਫ਼ੇ ਦੇ ਦਿੱਤੇ ਹਨ ਜਦਕਿ ਲਗਪਗ ਤਿੰਨ ਦਰਜਨ ਮੁਲਾਜ਼ਮ ਹੋਰਨਾਂ ਮਾਲਾਂ ਵਿੱਚ ਜਾਣ ਲਈ ਸਹਿਮਤ ਹੋ ਗਏ ਹਨ, ਪਰ ਇਨ੍ਹਾਂ ਮੁਲਾਜ਼ਮਾਂ ਨੂੰ ਵੀ ਦੂਰ-ਦੁਰਾਡੇ ਦੇ ਮਾਲਾਂ ਵਿੱਚ ਕੰਮ ਕਰ ਕੇ ਕੁੱਝ ਪੱਲੇ ਨਾ ਪੈਣ ਦਾ ਡਰ ਸਤਾ ਰਿਹਾ ਹੈ।
ਮੁਲਾਜ਼ਮਾਂ ਨੇ ਦੱਸਿਆ ਕਿ ਬੈਸਟ ਪ੍ਰਾਈਜ਼ ਮਾਲ ਵਿੱਚ ਲਗਪਗ 250 ਦੇ ਕਰੀਬ ਮੁਲਾਜ਼ਮ ਕੰਮ ਕਰਦੇ ਸਨ, ਜਿਨ੍ਹਾਂ ਵਿੱਚੋਂ ਵੱਖ-ਵੱਖ ਕੰਪਨੀਆਂ ਦੇ ਲਗਪਗ 170 ਪ੍ਰੋਮੋਟਰਾਂ ਨੂੰ ਕਿਸਾਨ ਮੋਰਚਾ ਲੱਗਣ ਤੋਂ ਕੁੱਝ ਸਮੇਂ ਬਾਅਦ ਹੀ ਨੌਕਰੀ ਤੋਂ ਹੱਥ ਧੋਣੇ ਪਏ ਸਨ।
ਮੁਲਾਜ਼ਮਾਂ ਨੇ ਮਰਜ਼ੀ ਨਾਲ ਅਸਤੀਫੇ ਦਿੱਤੇ: ਖੋਸਲਾ
ਕੰਪਨੀ ਦੇ ਉੱਚ ਅਧਿਕਾਰੀ ਖੁਸ਼ਹਾਲ ਖੋਸਲਾ ਨੇ ਕਿਹਾ ਕਿ ਕੰਪਨੀ ਬੈਸਟ ਪ੍ਰਾਈਜ਼ ਮਾਲ ਨੂੰ ਪੱਕੇ ਤੌਰ ’ਤੇ ਬੰਦ ਕਰ ਰਹੀ ਹੈ ਪਰ ਬਠਿੰਡਾ ਵਿੱਚ ਈ-ਕਾਮਰਸ ਦੇ ਕੰਮ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੰਪਨੀ ਨੇ ਮੁਲਾਜ਼ਮਾਂ ਨੂੰ ਹੋਰਨਾਂ ਮਾਲਾਂ ਵਿੱਚ ਤਬਦੀਲ ਹੋਣ ਲਈ ਕਿਹਾ ਹੈ ਤੇ ਮੁਲਾਜ਼ਮਾਂ ਨੇ ਅਸਤੀਫੇ ਆਪਣੀ ਮਰਜ਼ੀ ਨਾਲ ਦਿੱਤੇ ਹਨ।