ਗਗਨਦੀਪ ਅਰੋੜਾ
ਲੁਧਿਆਣਾ, 29 ਅਗਸਤ
ਦਾਣਾ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਸਬੰਧੀ ਫਾਈਲਾਂ ਹੁਣ ਵਿਜੀਲੈਂਸ ਵਿਭਾਗ ਕੋਲੋਂ ਈਡੀ ਨੇ ਮੰਗ ਲਈਆਂ ਹਨ। ਇਸ ਮਾਮਲੇ ਵਿੱਚ ਸਿੱਧੇ ਤੌਰ ’ਤੇ ਹੁਣ ਈਡੀ ਜਾਂਚ ਕਰੇਗੀ। ਸੂਤਰਾਂ ਦੀ ਮੰਨੀਏ ਤਾਂ ਜਲਦੀ ਹੀ ਈਡੀ ਇਸ ਵਿੱਚ ਤਾਜ਼ੀ ਐੱਫਆਈਆਰ ਦਰਜ ਕਰਕੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਪੁੱਛ ਪੜਤਾਲ ਲਈ ਬੁਲਾ ਸਕਦੀ ਹੈ। ਵਿਜੀਲੈਂਸ ਦੇ ਉੱਚ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਈਡੀ ਵੱਲੋਂ ਇਸ ਮਾਮਲੇ ਸਬੰਧੀ ਮੰਗੀਆਂ ਸਾਰੀਆਂ ਫਾਈਲਾਂ ਭੇਜ ਦਿੱਤੀਆਂ ਗਈਆਂ ਹਨ। ਸੂਤਰਾਂ ਅਨੁਸਾਰ ਈਡੀ ਸਿੱਧੇ ਤੌਰ ’ਤੇ ਮਨੀ ਲਾਂਡਰਿੰਗ ਦਾ ਕੇਸ ਦਰਜ ਕਰਨ ਦੀ ਤਿਆਰੀ ਵਿੱਚ ਹੈ।
ਜ਼ਿਕਰਯੋਗ ਹੈ ਕਿ ਟੈਂਡਰ ਘੁਟਾਲੇ ਮਾਮਲੇ ਵਿੱਚ ਸਾਬਕਾ ਮੰਤਰੀ ਆਸ਼ੂ ਪਿਛਲੇ ਛੇ ਦਿਨਾਂ ਤੋਂ ਪੁਲੀਸ ਰਿਮਾਂਡ ’ਤੇ ਚੱਲ ਰਹੇ ਹਨ, ਹਾਲਾਂਕਿ ਆਸ਼ੂ ਨੇ ਇਸ ਮਾਮਲੇ ਵਿੱਚ ਆਪਣਾ ਮੂੰਹ ਨਹੀਂ ਖੋਲ੍ਹਿਆ ਹੈ। ਇਸ ਕੇਸ ਵਿੱਚ ਵਿਜੀਲੈਂਸ ਨੇ 16 ਅਗਸਤ ਨੂੰ ਠੇਕੇਦਾਰ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਐੱਫਆਈਆਰ ਦਰਜ ਕੀਤੀ ਸੀ, ਜਿਸ ਵਿੱਚ ਠੇਕੇਦਾਰ ਤੇਲੂ ਰਾਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਗਰੋਂ 22 ਅਗਸਤ ਨੂੰ ਸਾਬਕਾ ਮੰਤਰੀ ਆਸ਼ੂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਵਿਜੀਲੈਂਸ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਸਾਬਕਾ ਮੰਤਰੀ ਵੱਲੋਂ ਲੁਧਿਆਣਾ ਦੇ ਇੱਕ ਨਿਵੇਸ਼ਕ ਰਾਹੀਂ ਵੱਡੀ ਰਕਮ ਵਿਦੇਸ਼ਾਂ ਵਿੱਚ ਲਗਾਈ ਗਈ ਹੈ, ਜਿਸ ਸਬੰਧੀ ਅੱਜ ਵਿਜੀਲੈਂਸ ਵੱਲੋਂ ਉਕਤ ਨਿਵੇਸ਼ਕ ਹੇਮੰਤ ਸੂਦ ਤੋਂ ਵੀ ਪੁੱਛ ਪੜਤਾਲ ਕੀਤੀ ਹੈ। ਵਿਜੀਲੈਂਸ ਦੀ ਟੀਮ ਨੇ ਅੱਜ ਹੇਮੰਤ ਸੂਦ ਨੂੰ ਕੁਝ ਦਸਤਾਵੇਜ਼ਾਂ ਸਣੇ ਸੱਦਿਆ ਸੀ। ਜਾਂਚ ਅਧਿਕਾਰੀ ਇਹ ਪਤਾ ਕਰਨਾ ਚਾਹੁੰਦੇ ਹਨ ਕਿ ਉਸ ਵੱਲੋਂ ਕਦੋਂ, ਕਿੱਥੇ ਤੇ ਕਿੰਨਾ ਨਿਵੇਸ਼ ਕੀਤਾ ਗਿਆ ਹੈ। ਵਿਜੀਲੈਂਸ ਵੱਲੋਂ ਅੱਜ ਨਗਰ ਨਿਗਮ ਕੋਲੋਂ ਸ਼ਹਿਰ ਦੇ ਮੇਅਰ ਬਲਕਾਰ ਸੰਧੂ ਤੇ ਆਸ਼ੂ ਦੇ ਨੇੜਲੇ ਕੌਂਸਲਰ ਸੰਨੀ ਭੱਲਾ ਦੀ ਜਾਇਦਾਦ ਸਬੰਧੀ ਵੀ ਰਿਕਾਰਡ ਮੰਗਵਾਏ ਹਨ। ਇਸ ਤੋਂ ਪਹਿਲਾਂ ਸਾਬਕਾ ਮੰਤਰੀ ਆਸ਼ੂ ਦੇ ਨੜਲੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਨ ਵੱਲੋਂ ਕੀਤੇ ਗਏ ਕਰੋੜਾਂ ਰੁਪਏ ਦੇ ਘੁਟਾਲੇ ਦਾ ਮਾਮਲਾ ਵੀ ਪਹਿਲਾਂ ਹੀ ਈਡੀ ਦੇ ਦਰਬਾਰ ਪੁੱਜ ਚੁੱਕਿਆ ਹੈ।
ਆਸ਼ੂ ਦੇ ਰਿਮਾਂਡ ਵਿੱਚ ਦੋ ਦਿਨਾਂ ਦਾ ਵਾਧਾ
ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਰਿਮਾਂਡ ਖਤਮ ਹੋਣ ’ਤੇ ਉਸ ਨੂੰ ਅੱਜ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਸਾਬਕਾ ਮੰਤਰੀ ਨੂੰ ਮੁੜ ਦੋ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਨੇ ਅਦਾਲਤ ਵਿੱਚ ਤਰਕ ਦਿੱਤਾ ਕਿ ਇਸ ਮਾਮਲੇ ’ਚ ਨਾਮਜ਼ਦ ਕੀਤੇ ਗਏ ਸੀਵੀਸੀ ਆਰਕੇ ਸਿੰਗਲਾ ਦੀ ਤਾਇਨਾਤੀ ਗਲਤ ਤਰੀਕੇ ਨਾਲ ਕੀਤੀ ਗਈ ਹੈ। ਬਚਾਅ ਪੱਖ ਵੱਲੋਂ ਇਸ ਸਬੰਧੀ ਵਿਜੀਲੈਂਸ ’ਤੇ ਬਿਨਾਂ ਗੱਲੋਂ ਮਾਮਲੇ ਨੂੰ ਖਿੱਚਣ ਦਾ ਦੋਸ਼ ਲਾਇਆ ਗਿਆ। ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਸਾਬਕਾ ਮੰਤਰੀ ਦਾ ਦੋ ਦਿਨਾਂ ਦਾ ਰਿਮਾਂਡ ਮਨਜ਼ੂਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਿਜੀਲੈਂਸ ਦੀ ਟੀਮ ਵੱਲੋਂ ਜਦੋਂ ਤੋਂ ਸਾਬਕਾ ਮੰਤਰੀ ਆਸ਼ੂ ਦੇ ਨੇੜਲਿਆਂ ਤੋਂ ਪੁੱਛ ਪੜਤਾਲ ਆਰੰਭੀ ਗਈ ਹੈ, ਉਦੋਂ ਤੋਂ ਹੀ ਕਾਂਗਰਸੀ ਆਗੂ ਹੌਲੀ ਹੌਲੀ ਇਸ ਮਾਮਲੇ ਤੋਂ ਦੂਰੀ ਬਣਾਉਣ ਲੱਗ ਪਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਧਰਨਾ ਚੁੱਕੇ ਜਾਣ ਮਗਰੋਂ ਕੋਈ ਕਾਂਗਰਸੀ ਆਗੂ ਇੱਥੇ ਦਿਖਾਈ ਨਹੀਂ ਦਿੱਤਾ ਹੈ ਤੇ ਅੱਜ ਅਦਾਲਤ ਵਿੱਚ ਸਾਬਕਾ ਮੰਤਰੀ ਆਸ਼ੂ ਦੀ ਪੇਸ਼ੀ ਦੌਰਾਨ ਵੀ ਸਾਬਕਾ ਵਿਧਾਇਕ ਸੰਜੈ ਤਲਵਾੜ ਤੋਂ ਬਿਨਾਂ ਉਨ੍ਹਾਂ ਦਾ ਕੋਈ ਸਮਰਥਕ ਉਥੇ ਮੌਜੂਦ ਨਹੀਂ ਸੀ।
ਇੰਦੀ ਤੇ ਮੀਨੂੰ ਮਲਹੋਤਰਾ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ
ਵਿਜੀਲੈਂਸ ਨੂੰ ਸ਼ੱਕ ਹੈ ਕਿ ਇਸ ਕੇਸ ਨਾਲ ਜੁੜੇ ਲੋਕ ਵਿਦੇਸ਼ ਭੱਜ ਸਕਦੇ ਹਨ। ਇਸ ਲਈ ਵਿਜੀਲੈਂਸ ਨੇ ਇਸ ਮਾਮਲੇ ਵਿੱਚ ਸਾਬਕਾ ਮੰਤਰੀ ਦੇ ਪੀਏ ਮੀਨੂੰ ਪੰਕਜ ਮਲਹੋਤਰਾ ਤੇ ਸਾਥੀ ਇੰਦਰਜੀਤ ਇੰਦੀ ਖਿਲਾਫ਼ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ।