ਦਿਲਬਾਗ ਸਿੰਘ ਗਿੱਲ
ਅਟਾਰੀ, 9 ਜੁਲਾਈ
ਕਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਦੌਰਾਨ ਪਾਕਿਸਤਾਨ ’ਚ ਫਸੇ ਭਾਰਤੀ ਯਾਤਰੀਆਂ ‘ਚੋਂ ਅੱਜ 94 ਅਤੇ ਭਾਰਤ ਵਿਚ ਫਸੇ ਪਾਕਿਸਤਾਨੀ ਯਾਤਰੀਆਂ ਵਿਚੋਂ 81 ਯਾਤਰੀ ਬਾਅਦ ਦੁਪਹਿਰ ਅਟਾਰੀ-ਵਾਹਗਾ ਸਰਹੱਦ ਰਸਤੇ ਆਪੋ ਆਪਣੇ ਵਤਨ ਪਰਤੇ। ਪਾਕਿਸਤਾਨ ਤੋਂ 114 ਵਿਚੋਂ 94 ਭਾਰਤੀ ਯਾਤਰੀ ਹੀ ਵਤਨ ਪਰਤੇ ਹਨ। ਇਨ੍ਹਾਂ ਵਿਚ 34 ਜੰਮੂ-ਕਸ਼ਮੀਰ, 16 ਰਾਜਸਥਾਨ, 13 ਦਿੱਲੀ, 12 ਉੱਤਰ ਪ੍ਰਦੇਸ਼, 10 ਪੰਜਾਬ, 10 ਗੁਜਰਾਤ, 6 ਮਹਾਰਾਸ਼ਟਰ, 3 ਛੱਤੀਸਗੜ੍ਹ, 2 ਤੇਲੰਗਾਨਾ ਅਤੇ ਮੱਧ ਪ੍ਰਦੇਸ਼, ਬਿਹਾਰ, ਹਰਿਆਣਾ, ਕਰਨਾਟਕਾ ਅਤੇ ਉੱਤਰਾਖੰਡ ਦੇ 1-1 ਯਾਤਰੀ ਸ਼ਾਮਲ ਹਨ।
ਭਾਰਤੀ ਯਾਤਰੀਆਂ ਦੇ ਵਤਨ ਪਰਤਣ ’ਤੇ ਸਾਂਝੀ ਜਾਂਚ ਚੌਕੀ ਅਟਾਰੀ ਵਿਚ ਊਨ੍ਹਾਂ ਦੀ ਮੈਡੀਕਲ ਸਕਰੀਨਿੰਗ ਕੀਤੀ ਗਈ। ਇਮੀਗ੍ਰੇਸ਼ਨ ਤੇ ਕਸਟਮ ਭਾਰਤੀ ਵਿਭਾਗ ਦੀ ਪ੍ਰਕਿਰਿਆ ਪੂਰੀ ਕਰਨ ਮਗਰੋਂ ਇਨ੍ਹਾਂ ਯਾਤਰੀਆਂ ਨੂੰ ਵਿਸ਼ੇਸ਼ ਸੁਰੱਖਿਆ ਪ੍ਰਬੰਧਾਂ ਹੇਠ ਅਟਾਰੀ ਸਰਹੱਦ ਤੋਂ ਬੱਸਾਂ ਰਾਹੀਂ ਰਵਾਨਾ ਕੀਤਾ ਗਿਆ। ਇਸ ਮੌਕੇ ਮੁਹੰਮਦ ਅਲੀ ਵਾਸੀ ਸਿੰਧ ਹੈਦਰਾਬਾਦ (ਪਾਕਿਸਤਾਨ) ਨੇ ਦੱਸਿਆ ਕਿ ਉਹ 27 ਫਰਵਰੀ ਨੂੰ ਪਰਿਵਾਰਕ ਮੈਂਬਰਾਂ ਨਾਲ ਭਾਰਤ ਸਥਿਤ ਸਿਕੰਦਰਾਬਾਦ ਵਿਚ ਆਪਣੀ ਸਾਲੀ ਨੂੰ ਮਿਲਣ ਆਏ ਸਨ ਅਤੇ ਅੱਠ ਦਿਨ ਬਾਅਦ ਵਾਪਸ ਪਰਤਣਾ ਸੀ ਪਰ ਲੌਕਡਾਊਨ ਕਾਰਨ ਇੱਥੇ ਹੀ ਫਸ ਗਏ ਸਨ। ਜਗਮਲ ਦਾਸ ਵਾਸੀ ਸੂਬਾ ਸਿੰਧ ਨੇ ਦੱਸਿਆ ਕਿ ਉਹ 2 ਮਹੀਨੇ ਦੇ ਵੀਜ਼ੇ ’ਤੇ ਜੋਧਪੁਰ ਵਿਚ ਬੇਟੀਆਂ ਨੂੰ ਮਿਲਣ ਆਏ ਸਨ। ਲੌਕਡਾਊਨ ਕਾਰਨ ਊਹ ਵਾਪਸ ਨਹੀਂ ਸਨ ਜਾ ਸਕੇ। ਨਿਕਿਤਾ ਵਾਸੀ ਕਰਾਚੀ ਨੇ ਦੱਸਿਆ ਕਿ ਉਹ ਇੰਦੌਰ ’ਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਦਾ ਵਿਆਹ ਵੇਖਣ ਭਾਰਤ ਆਈ ਸੀ। ਉਸ ਨੇ ਮਗਰੋਂ ਅੰਬੈਸੀ ਨਾਲ ਸੰਪਰਕ ਕੀਤਾ ਤੇ ਵਤਨ ਪਰਤਣ ਦੀ ਇਜਾਜ਼ਤ ਮਿਲੀ। ਇਸ ਮੌਕੇ ਐੱਸਡੀਐੱਮ ਅੰਮ੍ਰਿਤਸਰ-2 ਡਾ. ਸ਼ਿਵਰਾਜ ਸਿੰਘ ਬੱਲ, ਬੀਐੱਸਐੱਫ ਦੇ ਟੂ ਆਈ ਸੀ ਮਨਮੋਹਨ ਸਿੰਘ ਰੰਧਾਵਾ, ਨਾਇਬ ਤਹਿਸੀਲਦਾਰ ਜਗਸੀਰ ਸਿੰਘ, ਡੀਐੱਸਪੀ ਗੁਰਪ੍ਰਤਾਪ ਸਿੰਘ ਸਹੋਤਾ, ਨੋਡਲ ਅਫ਼ਸਰ ਡਾ. ਪ੍ਰੀਤੀ ਸ਼ਰਮਾ ਹਾਜ਼ਰ ਸਨ।
ਪਾਕਿਸਤਾਨੀ ਕੈਦੀ ਦੀ ਲਾਸ਼ ਵਤਨ ਪਰਤੀ
ਅਟਾਰੀ: ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਬੰਦ ਇੱਕ ਪਾਕਿਸਤਾਨੀ ਕੈਦੀ ਦੀ ਸੰਖੇਪ ਬਿਮਾਰੀ ਕਾਰਨ ਮੌਤ ਹੋ ਜਾਣ ਉਪਰੰਤ ਉਸ ਦੀ ਮ੍ਰਿਤਕ ਦੇਹ ਅੱਜ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨ ਦੇ ਹਵਾਲੇ ਕੀਤੀ ਗਈ। ਪਾਕਿਸਤਾਨੀ ਕੈਦੀ ਦੀ ਮ੍ਰਿਤਕ ਦੇਹ ਸੀਮਾ ਸੁਰੱਖਿਆ ਬਲ ਦੇ ਅਧਿਕਾਰੀ ਵੱਲੋਂ ਪਾਕਿਸਤਾਨੀ ਰੇਂਜਰਜ਼ ਅਧਿਕਾਰੀ ਦੇ ਹਵਾਲੇ ਕੀਤੀ ਗਈ। ਜਾਣਕਾਰੀ ਅਨੁਸਾਰ ਖਾਮਿਦ ਪੁੱਤਰ ਅਬਦੁੱਲ ਕਰੀਮ ਵਾਸੀ ਪਾਕਿਸਤਾਨ ਜੋ ਚਾਰ ਸਾਲਾਂ ਤੋਂ ਕੇਂਦਰੀ ਜੇਲ੍ਹ ਅੰਮ੍ਰਿਤਸਰ ’ਚ ਬੰਦ ਸੀ।