ਸੰਜੀਵ ਬੱਬੀ
ਚਮਕੌਰ ਸਾਹਿਬ, 26 ਫਰਵਰੀ
ਪਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬੀਬੀ ਸਤਵੰਤ ਕੌਰ ਸੰਧੂ ਨੂੰ ਅੱਜ ਇੱਥੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਦੀਵਾਨ ਹਾਲ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਉਨ੍ਹਾਂ ਦਾ ਕਰੋਨਾ ਕਾਰਨ ਲੰਘੀ 5 ਫਰਵਰੀ ਨੂੰ ਦੇਹਾਂਤ ਹੋ ਗਿਆ ਸੀ। ਜਾਣਕਾਰੀ ਅਨੁਸਾਰ ਬੀਬੀ ਸਤਵੰਤ ਕੌਰ ਸੰਧੂ ਆਪਣੇ ਪਤੀ ਵਿਧਾਇਕ ਅਜਾਇਬ ਸਿੰਘ ਸੰਧੂ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਜ਼ਿਮਨੀ ਚੋਣ ਮੌਕੇ ਸਾਲ 1974 ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਹਲਕਾ ਮੋਰਿੰਡਾ ਤੋਂ ਚੋਣ ਜਿੱਤੇ ਸਨ। ਉਪਰੰਤ ਉਹ ਹਲਕਾ ਚਮਕੌਰ ਸਾਹਿਬ ਤੋਂ ਚਾਰ ਵਾਰ ਵਿਧਾਇਕ ਚੁਣੇ ਗਏ ਅਤੇ ਦੋ ਵਾਰ ਕੈਬਨਿਟ ਮੰਤਰੀ ਵੀ ਰਹੇ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਬੀ ਸੰਧੂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਖਿਆ ਕਿ ਜਿਹੜੇ ਆਗੂ ਜਾਂ ਵਰਕਰ ਪਾਰਟੀ ਦੇ ਵਫਾਦਾਰ ਰਹਿੰਦੇ ਹਨ, ਪਾਰਟੀ ਹਮੇਸ਼ਾ ਉਨ੍ਹਾਂ ਆਗੂਆਂ ਤੇ ਵਰਕਰਾਂ ਦੀ ਕਦਰ ਕਰਦੀ ਹੈ ਅਤੇ ਅਜਿਹੇ ਆਗੂ ਹੀ ਜਨਤਾ ਦੇ ਪਿਆਰ ਤੇੇ ਸਤਿਕਾਰ ਸਦਕਾ ਲੋਕਾਂ ਦੀ ਤਕਦੀਰ ਬਦਲ ਸਕਦੇ ਹਨ। ਉਨ੍ਹਾਂ ਆਖਿਆ ਕਿ ਬੀਬੀ ਸੰਧੂ ਹਮੇਸ਼ਾ ਹੀ ਪਾਰਟੀ ਨਾਲ ਖੜ੍ਹੇ ਰਹੇ ਅਤੇ ਹਰ ਔਖੇ ਸਮੇਂ ਉਨ੍ਹਾਂ ਪਾਰਟੀ ਦਾ ਸਾਥ ਦਿੱਤਾ। ਉਨ੍ਹਾਂ ਦੇ ਪੁੱਤਰ ਹਰਮੋਹਣ ਸਿੰਘ ਸੰਧੂ ਐੱਸਐੱਸਪੀ ਦਾ ਅਹੁਦਾ ਤਿਆਗ ਕੇ ਲੋਕ ਸੇਵਾ ਲਈ ਹਲਕੇ ਵਿੱਚ ਵਿਚਰ ਰਹੇ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਹੀਰਾ ਸਿੰਘ ਗਾਬੜੀਆਂ, ਮਹੇਸ਼ ਇੰਦਰ ਸਿੰਘ ਗਰੇਵਾਲ, ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ, ਡਾ. ਦਲਜੀਤ ਸਿੰਘ ਚੀਮਾ, ਸਾਬਕਾ ਸੰਸਦ ਮੈਂਬਰ ਬੀਬੀ ਸਤਵਿੰਦਰ ਕੌਰ ਧਾਰੀਵਾਲ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਪ੍ਰੋ. ਕਿਰਪਾਲ ਸਿੰਘ ਬੰਡੂਗਰ, ਸਾਬਕਾ ਮੰਤਰੀ ਜਗਮੋਹਣ ਸਿੰਘ ਕੰਗ, ਅਮਨਦੀਪ ਸਿੰਘ ਮਾਂਗਟ, ਬਲਦੇਵ ਸਿੰਘ ਹਾਫਿਜ਼ਾਬਾਦ, ਆੜ੍ਹਤੀ ਉੱਜਲ ਸਿੰਘ, ਮਨਜੀਤ ਸਿੰਘ ਕੰਗ, ਸੋਹਣ ਸਿੰਘ ਸੰਧੂ, ਹਰਦੀਪ ਸਿੰਘ ਸੋਨੀ, ਨਰਿੰਦਰ ਸਿੰਘ ਕੰਗ ਅਤੇ ਦਵਿੰਦਰ ਸਿੰਘ ਬਾਜਵਾ ਆਦਿ ਹਾਜ਼ਰ ਸਨ।