ਹਰਪ੍ਰੀਤ ਕੌਰ
ਹੁਸ਼ਿਆਰਪੁਰ, 4 ਦਸੰਬਰ
ਉੱਘੇ ਸਮਾਜਵਾਦੀ ਆਗੂ, ਸਿੱਖਿਆ ਸ਼ਾਸਤਰੀ ਅਤੇ ਸਮਾਜਿਕ ਕਾਰਕੁਨ ਬਲਵੰਤ ਸਿੰਘ ਖੇੜਾ ਨਮਿਤ ਅੰਤਿਮ ਅਰਦਾਸ ਅੱਜ ਗੁਰਦੁਆਰਾ ਹਰੀ ਭਗਤਪੁਰਾ ਮਿੱਠਾ ਟਿਵਾਣਾ, ਮਾਡਲ ਟਾਊਨ ਵਿੱਚ ਹੋਈ। ਇਸ ਮੌਕੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਤੋਂ ਇਲਾਵਾ ਵੱਖ-ਵੱਖ ਸਿਆਸੀ, ਸਮਾਜਿਕ, ਧਾਰਮਿਕ ਤੇ ਸਿੱਖਿਆ ਖੇਤਰ ਨਾਲ ਸਬੰਧਤ ਸ਼ਖ਼ਸੀਅਤਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਹਲਕਾ ਸ਼ਾਮਚੁਰਾਸੀ ਤੋਂ ਵਿਧਾਇਕ ਡਾ. ਰਵਜੋਤ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸੋਸ਼ਲਿਸਟ ਪਾਰਟੀ ਦੇ ਕੌਮੀ ਸਕੱਤਰ ਹਰਿੰਦਰ ਸਿੰਘ ਮਨਸ਼ਾਹੀਆ, ਸੂਬਾ ਪ੍ਰਧਾਨ ਓਮ ਸਿੰਘ ਸਟਿਆਣਾ, ਉੱਘੇ ਚਿੰਤਕ ਡਾ. ਪਿਆਰੇ ਲਾਲ ਗਰਗ, ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਮੈਨ ਕਰਮਜੀਤ ਕੌਰ, ਕਮਿਊਨਿਸਟ ਆਗੂ ਦਰਸ਼ਨ ਸਿੰਘ ਮੱਟੂ, ਸੇਵਾਮੁਕਤ ਸਿਵਲ ਸਰਜਨ ਡਾ. ਅਜੈ ਬੱਗਾ, ਜ਼ਿਲ੍ਹਾ ਪੈਨਸ਼ਨਰ ਐਸੋਸੀਏਸ਼ਨ ਦੇ ਕੁਲਵਰਨ ਸਿੰਘ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਸਵੰਤ ਰਾਏ, ਲੋਕ ਸੇਵਕ ਮੰਡਲ ਦੇ ਭੀਮ ਚੰਦ, ਕੋਆਪ੍ਰੇਟਿਵ ਬੈਂਕ ਦੇ ਸਾਬਕਾ ਚੇਅਰਮੈਨ ਸਤਵਿੰਦਪਾਲ ਸਿੰਘ ਢੱਟ, ਸ਼੍ਰੋਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਖੁਣਖੁਣ, ਜਨਰਲ ਸਕੱਤਰ ਗੁਰਨਾਮ ਸਿੰਘ ਸਿੰਗੜੀਵਾਲਾ, ਐਡਵੋਕੇਟ ਮਨਿੰਦਰਪਾਲ ਸਿੰਘ ਤੇ ਰਘੁਵੀਰ ਸਿੰਘ ਟੇਰਕਿਆਣਾ, ਜਨਤਾ ਦਲ ਤੋਂ ਅਨੂਪ ਸਿੰਘ ਭੱਦੂ, ਸ਼ੁਭ ਕਰਮਨ ਸੁਸਾਇਟੀ ਦੇ ਰਸ਼ਪਾਲ ਸਿੰਘ, ਸਿੱਖ ਮਿਸ਼ਨਰੀ ਕਾਲਜ ਦੇ ਗੁਰਚਰਨ ਸਿੰਘ ਬਸਿਆਲਾ, ਸਾਬਕਾ ਲੋਕ ਸੰਪਰਕ ਅਫ਼ਸਰ ਮਹਿੰਦਰ ਸਿੰਘ ਮੁਸਾਫ਼ਰ, ਗੁਲਜ਼ਾਰ ਸਿੰਘ ਕਾਲਕਟ ਤੇ ਬਲਜੀਤ ਸਿੰਘ ਬੱਲੀ ਸਮੇਤ ਵੱਡੀ ਗਿਣਤੀ ਆਗੂਆਂ ਨੇ ਮਰਹੂਮ ਆਗੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸੋਸ਼ਲਿਸਟ ਆਗੂ ਮਾਨਸ਼ਾਹੀਆ ਨੇ ਖੇੜਾ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਬਿਆਨ ਕਰਦਿਆਂ ਕਿਹਾ ਕਿ ਉਹ ਇਕ ਕੌਮੀ ਯੋਧਾ ਸਨ। ਡਾ. ਪਿਆਰੇ ਲਾਲ ਗਰਗ ਨੇ ਖੇੜਾ ਵੱਲੋਂ ਲਿਖੀ ਪੁਸਤਕ ‘ਸਮਿਆਂ ਦੇ ਸਨਮੁੱਖ’ ਨੂੰ ਇਕ ਇਤਿਹਾਸਕ ਦਸਤਾਵੇਜ਼ ਦੱਸਦਿਆਂ ਕਿਹਾ, ‘‘ਇਹ ਸਾਨੂੰ ਹੱਕਾਂ ਲਈ ਜੂਝਣਾ ਸਿਖਾਏਗੀ।’’ ਖੇੜਾ ਦੇ ਪੁੱਤਰ ਜਗਦੀਪ ਸਿੰਘ ਨੇ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।
ਗੁਰਦੁਆਰਾ ਮਿੱਠਾ ਟਿਵਾਣਾ ਦੇ ਮੁੱਖ ਸੇਵਾਦਾਰ ਮਹੰਤ ਪ੍ਰਿਤਪਾਲ ਸਿੰਘ ਨੇ ਉਨ੍ਹਾਂ ਨੂੰ ਸਿਰੋਪਾ ਭੇਟ ਕੀਤਾ। ਖੇੜਾ ਪਰਿਵਾਰ ਨੇ ਬਲਵੰਤ ਸਿੰਘ ਖੇੜਾ ਦੀ ਯਾਦ ਵਿੱਚ ਇਕ ਟਰੱਸਟ ਬਣਾ ਕੇ ਯਾਦਗਾਰੀ ਆਡੀਟੋਰੀਅਮ ਅਤੇ ਕੇਂਦਰੀ ਲਾਇਬ੍ਰੇਰੀ ਬਣਾਉਣ ਦੇ ਪ੍ਰਸਤਾਵ ਨੂੰ ਸਹਿਮਤੀ ਦਿੰਦਿਆਂ ਕੈਬਨਿਟ ਮੰਤਰੀ ਜਿੰਪਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਵਿਸ਼ੇਸ਼ ਬੇਨਤੀ ਕਰਨਗੇ ਕਿ ਉਹ ਇਸ ਅਹਿਮ ਪ੍ਰਾਜੈਕਟ ਨੂੰ ਸਿਰੇ ਚੜ੍ਹਾਉਣ ਲਈ ਹਰ ਸੰਭਵ ਮਦਦ ਕਰਨ।