ਬਟਾਲਾ: ਅੱਜ ਵੱਖ-ਵੱਖ ਸਾਹਿਤਕ ਅਤੇ ਸਮਾਜ ਸੇਵੀ ਆਗੂਆਂ ਨੇ ‘ਪੰਜਾਬੀ ਟ੍ਰਿਬਿਊਨ’ ਦੇ ਸੀਨੀਅਰ ਪੱਤਰਕਾਰ ਅਤੇ ਲੇਖਕ ਸ਼ਰਨਜੀਤ ਸਿੰਘ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ। ਇੱਥੇ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਦੀ ਅਗਵਾਈ ਵਿੱਚ ਇਕੱਤਰਤਾ ਹੋਈ। ਇਸ ਵਿੱਚ ਲੇਖਕ ਤੇ ਗੀਤਕਾਰ ਅਜੀਤ ਕਮਲ, ਲੇਖਕ ਸੁਰਿੰਦਰ ਨਿਮਾਣਾ, ਦੇਵਿੰਦਰ ਦੀਦਾਰ, ਜਸਵੰਤ ਹਾਂਸ, ਵਿਜੇ ਅਗਨੀਹੋਤਰੀ, ਵਰਗਿਸ ਸਲਾਮਤ ਆਦਿ ਨੇ ਹਿੱਸਾ ਲਿਆ। ਉਨ੍ਹਾਂ ਮਰਹੂਮ ਨਾਲ ਗੁਜ਼ਾਰੇ ਪਲਾਂ ਨੂੰ ਯਾਦ ਕੀਤਾ। ਇਸੇ ਤਰ੍ਹਾਂ ਸਿਟੀਜ਼ਨ ਸੋਸ਼ਲ ਵੈੱਲਫੇਅਰ ਫੋਰਮ ਬਟਾਲਾ ਦੇ ਸਰਪ੍ਰਸਤ ਪ੍ਰੋ. ਸੁਖਵੰਤ ਸਿੰਘ ਗਿੱਲ ਅਤੇ ਰਿਆੜਕੀ ਸੱਥ ਹਰਪੁਰਾ ਧੰਦੋਈ ਦੇ ਮੁੱਖ ਸੇਵਾਦਾਰ ਸੂਬਾ ਸਿੰਘ ਖਹਿਰਾ ਨੇ ਦੱਸਿਆ ਕਿ ਮਰਹੂਮ ਸ਼ਰਨਜੀਤ ਦੀਆਂ ਲਿਖੀਆਂ ਗ਼ਜ਼ਲਾਂ ਤੇ ਗੀਤ ਨਾਮਵਰ ਗਾਇਕਾਂ ਨੇ ਗਾਏ। ਮਰਹੂਮ ਦੇ ਪੁੱਤਰ ਲੇਖਕ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨਮਿਤ ਅਖੰਡ ਪਾਠ ਦਾ ਭੋਗ 24 ਜਨਵਰੀ ਨੂੰ ਉਨ੍ਹਾਂ ਦੇ ਗ੍ਰਹਿ ਚੰਦਨ ਨਗਰ ’ਚ ਪਵੇਗਾ ਤੇ ਸ਼ਰਧਾਂਜਲੀ ਸਮਾਰੋਹ ਕਹਾਨੂੰਵਾਨ ਰੋਡ ’ਤੇ ਸਥਿਤ ਤਾਜ ਪੈਲੇਸ ’ਚ ਹੋਵੇਗਾ। -ਨਿੱਜੀ ਪੱਤਰ ਪ੍ਰੇਰਕ