ਰਮੇਸ਼ ਭਾਰਦਵਾਜ
ਲਹਿਰਾਗਾਗਾ, 22 ਦਸੰਬਰ
ਨੇੜਲੇ ਚਰਚਿਤ ਪਿੰਡ ਜਲੂਰ ਕਾਂਡ ਦੀ ਸ਼ਹੀਦ ਮਾਤਾ ਗੁਰਦੇਵ ਕੌਰ ਦੇ ਚੌਥਾ ਸ਼ਰਧਾਂਜਲੀ ਸਮਾਗਮ ਜਲੂਰ ਜਬਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਕੀਤਾ ਗਿਆ। ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਹਰਭਗਵਾਨ ਮੂਨਕ ਨੇ ਕਿਹਾ ਕਿ ਅੱਜ ਕੇਂਦਰ ਵਿਚਲੀ ਮੋਦੀ ਸਰਕਾਰ ਆਪਣੇ ਫਾਸ਼ੀਵਾਦੀ ਹੱਲੇ ਤਹਿਤ ਮਜ਼ਦੂਰਾਂ ਕਿਸਾਨਾਂ ਵਿਚ ਜਾਤੀ ਪੱਤਾ ਖੇਡ ਕੇ ਦਲਿਤਾਂ ਦੇ ਹੱਕਾਂ ਉੱਪਰ ਡਾਕਾ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸੈਕਟਰੀ ਬਲਜੀਤ ਸਿੰਘ ਅਤੇ ਕਿਰਤੀ ਕਿਸਾਨ ਯੂਨੀਅਨ ਭਜਨ ਸਿੰਘ ਢੱਡਰੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਕਾਲੇ ਖੇਤੀ ਕਾਨੂੰਨ ਜਿੱਥੇ ਕਿਸਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਉਥੇ ਹਰ ਵਰਗ ਦੇ ਲੋਕਾਂ ਖਾਸਕਰ ਮਜ਼ਦੂਰ ਵਰਗ ਲਈ ਬਹੁਤ ਖ਼ਤਰਨਾਕ ਹਨ। ਸਮਾਗਮ ਦੀ ਸ਼ੁਰੂਆਤ ਵਿੱਚ ਸ਼ਹੀਦ ਮਾਤਾ ਗੁਰਦੇਵ ਕੌਰ ਦੀ ਸ਼ਹੀਦੀ ਲਾਟ ਉੱਪਰ ਝੰਡਾ ਲਹਿਰਾ ਕੇ ਮਾਤਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਪੀਪਲਜ਼ ਥੀਏਟਰ ਗਰੁੱਪ ਪਟਿਆਲਾ ਵੱਲੋਂ ਇਨਕਲਾਬੀ ਨਾਟਕ ਕੀਤਾ ਗਿਆ। ਸਟੇਜ ਸੈਕਟਰੀ ਦੀ ਭੂਮਿਕਾ ਪਰਮਜੀਤ ਕੌਰ ਲੌਂਗੋਵਾਲ ਨੇ ਨਿਭਾਈ। ਇਸ ਮੌਕੇ ਡੈਮੋਕ੍ਰੇਟਿਕ ਟੀਚਰ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਨੇ ਸੰਬੋਧਨ ਕੀਤਾ।