ਸਤਵਿੰਦਰ ਬਸਰਾ
ਲੁਧਿਆਣਾ, 28 ਜਨਵਰੀ
ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਹਰਦੇਵ ਦਲਗੀਰ ਉਰਫ ਦੇਵ ਥਰੀਕੇ ਵਾਲਾ ਦੀ ਅੰਤਿਮ ਅਰਦਾਸ ਮੌਕੇ ਅੱਜ ਰਾਜਨੀਤਕ, ਸਮਾਜਿਕ, ਸਾਹਿਤਕ ਅਤੇ ਸੰਗੀਤਕ ਖੇਤਰ ਨਾਲ ਸਬੰਧਤ ਸ਼ਖਸੀਅਤਾਂ ਨੇ ਸ਼ਰਧਾਂਜਲੀਆਂ ਦਿੱਤੀਆਂ। ਉਨ੍ਹਾਂ ਦਾ ਲੰਘੀ 25 ਜਨਵਰੀ ਨੂੰ ਦੇਹਾਂਤ ਹੋ ਗਿਆ ਸੀ। ਸ਼ਰਧਾਂਜਲੀ ਸਮਾਗਮ ਪਿੰਡ ਥਰੀਕੇ ਦੇ ਗੁਰਦੁਆਰੇ ਵਿੱਚ ਕਰਵਾਇਆ ਗਿਆ।
ਇਸ ਮੌਕੇ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਕਿ ਉਹ ਖੁਦ ਦੇਵ ਥਰੀਕੇ ਵਾਲਾ ਦੇ ਗੀਤ ਸੁਣਾ ਕੇ ਸਕੂਲ ਵੇਲੇ ਇਨਾਮ ਜਿੱਤਦੇ ਰਹੇ ਹਨ ਅਤੇ ਹੁਣ ਉਨ੍ਹਾਂ ਦੀ ਪੋਤਰੀ ਵੀ ਉਸੇ ਲੀਹ ’ਤੇ ਤੁਰ ਪਈ ਹੈ। ਸ਼ਰਧਾਂਜਲੀ ਸਮਾਗਮ ਨੂੰ ਡਾ. ਸੁਰਜੀਤ ਪਾਤਰ ਨੇ ਵੀ ਸੰਬੋਧਨ ਕੀਤਾ। ਹਰਦੇਵ ਦਿਲਗੀਰ ਨੂੰ ਅੱਜ ਸ਼ਰਧਾਂਜਲੀਆਂ ਦੇਣ ਪਹੁੰਚੀਆਂ ਸ਼ਖਸੀਅਤਾਂ ਵਿੱਚ ਸੰਗੀਤਕਾਰ ਚਰਨਜੀਤ ਆਹੂਜਾ, ਗੀਤਕਾਰ ਬਾਬੂ ਸਿੰਘ ਮਾਨ, ਦੇਬੀ ਮਖਸੂਸਪੁਰੀ, ਵਿਧਾਇਕ ਕੁਲਦੀਪ ਸਿੰਘ ਵੈਦ, ਦਰਸ਼ਨ ਸਿੰਘ ਸ਼ਿਵਾਲਿਕ, ਪਰਗਟ ਸਿੰਘ ਗਰੇਵਾਲ, ਰਾਜੀਵ ਕੁਮਾਰ ਲਵਲੀ, ਦਰਸ਼ਨ ਸਿੰਘ ਬੁੱਟਰ, ਸੁਰਿੰਦਰ ਛਿੰਦਾ, ਅਮਰੀਕ ਸਿੰਘ ਤਲਵੰਡੀ, ਡਾ. ਨਿਰਮਲ ਜੌੜਾ, ਅਸ਼ੋਕ ਭੌਰਾ, ਪਾਲੀ ਦੇਤਵਾਲੀਆ, ਜਸਵੰਤ ਸੰਦੀਲਾ, ਸੁਖਵਿੰਦਰ ਸੁੱਖੀ, ਹਰਬੰਸ ਸਹੋਤਾ, ਰਣਜੀਤ ਮਣੀ, ਦਲਵਿੰਦਰ ਦਿਆਲਪੁਰੀ, ਸਰਬਜੀਤ ਵਿਰਦੀ, ਸਤਬਿੀਰ ਸਿੰਘ ਸਿੱਧੂ, ਸਰਪੰਚ ਜਗਦੀਸ਼ਪਾਲ ਸਿੰਘ ਸ਼ਾਮਲ ਸਨ।