ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਫਰਵਰੀ
ਚੜ੍ਹਦੀਕਲਾ ਟਾਈਮ ਟੀਵੀ ਗਰੁੱਪ ਦੇ ਚੇਅਰਮੈਨ ਜਗਜੀਤ ਸਿੰਘ ਦਰਦੀ ਦੇ ਪੁੱਤਰ ਅਤੇ ਅਦਾਰੇ ਦੇ ਡਾਇਰੈਕਟਰ ਸਤਬੀਰ ਸਿੰਘ ਦਰਦੀ ਨਮਿਤ ਸ਼ਰਧਾਂਜਲੀ ਸਮਾਗਮ ਅੱਜ ਕਰਵਾਇਆ ਗਿਆ। ਇਸ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ ਤੇ ਪੱਤਰਕਾਰ ਭਾਈਚਾਰੇ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ, ਜਿਨ੍ਹਾਂ ਨੇ ਸਤਬੀਰ ਸਿੰਘ ਦੇ ਅਕਾਲ ਚਲਾਣੇ ਨੂੰ ਪਰਿਵਾਰ ਸਮੇਤ ਮੀਡੀਆ ਤੇ ਸਮਾਜ ਲਈ ਵੀ ਵੱਡਾ ਘਾਟਾ ਦੱਸਿਆ। ਬੁਲਾਰਿਆਂ ਨੇ ਆਖਿਆ ਕਿ ਦਰਦੀ ਪਰਿਵਾਰ ਨੇ ਮੀਡੀਆ ਰਾਹੀਂ ਜਿੱਥੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕੀਤਾ ਹੈ, ਉਥੇ ਹੀ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੀ ਅਥਾਹ ਯਤਨ ਕੀਤੇ ਹਨ। ਸ਼ਰਧਾਂਜਲੀ ਭੇਟ ਕਰਨ ਵਾਲ਼ਿਆਂ ਵਿੱਚ ਸੁਖਦੇਵ ਸਿੰਘ ਢੀਂਡਸਾ, ਪ੍ਰੇਮ ਸਿੰਘ ਚੰਦੂਮਾਜਰਾ, ਤਰਲੋਚਨ ਸਿੰਘ, ਸਾਧੂ ਸਿੰਘ ਧਰਮਸੋਤ, ਮਨਜਿੰਦਰ ਸਿੰਘ ਸਿਰਸਾ, ਮਨਜੀਤ ਸਿੰਘ ਜੀ.ਕੇ, ਪਰਮਜੀਤ ਸਿੰਘ ਸਰਨਾ, ਮਹੰਤ ਕਰਮਜੀਤ ਸਿੰਘ ਯਮੁਨਾਨਗਰ ਵਾਲੇ, ਅਵਤਾਰ ਸਿੰਘ ਹਿੱਤ ਤੇ ਡਾ. ਜਸਪਾਲ ਸਿੰਘ ਸਮੇਤ ਹੋਰ ਸ਼ਾਮਲ ਹਨ। ਡਾ. ਐੱਚਪੀਐਸ ਵਾਲੀਆ ਨੇ ਸਤਬੀਰ ਸਿੰਘ ਦੇ ਜੀਵਨ ’ਤੇ ਚਾਨਣਾ ਪਾਇਆ। ਮੰਚ ਸੰਚਾਲਨ ਇਸ਼ਿਵੰਦਰ ਗਰੇਵਾਲ ਨੇ ਕੀਤਾ। ਇਸੇ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੰਸਦ ਮੈਂਬਰ ਪ੍ਰਨੀਤ ਕੌਰ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਕੈਬਨਿਟ ਬ੍ਰਹਮ ਮਹਿੰਦਰਾ ਤੇ ਵਿਜੈਇੰਦਰ ਸਿੰਗਲਾ, ਬੀਬੀ ਜਗੀਰ ਕੌਰ ਸਮੇਤ ਹੋਰ ਸ਼ਖਸ਼ੀਅਤਾਂ ਨੇ ਸ਼ੋਕ ਸੰਦੇਸ਼ ਭੇਜ ਕੇ ਦਰਦੀ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।