ਕਰਮਜੀਤ ਸਿੰਘ ਚਿੱਲਾ
ਬਨੂੜ, 13 ਅਗਸਤ
ਇਥੋਂ ਦੇ ਵਾਰਡ ਨੰਬਰ ਗਿਆਰਾਂ ਦੀ ਮੀਰਾ ਸ਼ਾਹ ਕਲੋਨੀ ਦੇ ਬਾਜ਼ੀਗਰ ਭਾਈਚਾਰੇ ਨਾਲ ਸਬੰਧਤ ਸੱਤ ਨੌਜਵਾਨਾਂ ਪਵਨ ਕੁਮਾਰ, ਰਮਨ ਕੁਮਾਰ, ਲਾਭ ਸਿੰਘ, ਲਖਵੀਰ ਸਿੰਘ, ਅਰੁਣ, ਵਿਸ਼ਾਲ ਅਤੇ ਸ਼ਿਵਾ ਨਮਿੱਤ ਸਾਂਝਾ ਸ਼ਰਧਾਂਜਲੀ ਸਮਾਰੋਹ ਅੱਜ ਬਨੂੜ ਦੀ ਅਨਾਜ ਮੰਡੀ ਵਿਚ ਹੋਇਆ। ਇਨ੍ਹਾਂ ਨੌਜਵਾਨਾਂ ਦੀ ਪਹਿਲੀ ਅਗਸਤ ਨੂੰ ਊਨਾ ਨੇੜੇ ਗੋਬਿੰਦ ਸਾਗਰ ਝੀਲ ਵਿੱਚ ਡੁੱਬਣ ਨਾਲ ਮੌਤ ਹੋ ਗਈ ਸੀ। ਸ਼ਰਧਾਂਜਲੀ ਸਮਾਗਮ ਮੌਕੇ ਵੱਡੀ ਗਿਣਤੀ ਵਿੱਚ ਬਾਜ਼ੀਗਰ ਭਾਈਚਾਰੇ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੋਂ ਸ਼ਿਰਕਤ ਕੀਤੀ। ਇਸ ਮੌਕੇ ਧਾਰਮਿਕ, ਸਮਾਜਿਕ, ਰਾਜਨੀਤਕ, ਵਪਾਰਿਕ ਅਤੇ ਹੋਰਨਾਂ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਿਰਕਤ ਕਰਦਿਆਂ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ।
ਸ਼ਰਧਾਂਜਲੀ ਸਮਾਰੋਹ ਮੌਕੇ ਗਰੁੜ ਪੁਰਾਣ ਦੇ ਪਾਠ ਦੇ ਭੋਗ ਉਪਰੰਤ ਆਰਤੀ ਕੀਤੀ ਗਈ। ਇਸ ਉਪਰੰਤ ਬਾਜ਼ੀਗਰ ਭਾਈਚਾਰੇ ਦੇ ਐੱਮਸੀ ਭਜਨ ਲਾਲ ਨੇ ਸ਼ਰਧਾਂਜਲੀ ਸਮਾਰੋਹ ਵਿੱਚ ਸ਼ਾਮਲ ਲੋਕਾਂ ਦਾ ਧੰਨਵਾਦ ਕੀਤਾ। ਭੋਗ ਮੌਕੇ ਕਾਰ ਸੇਵਾ ਵਾਲੇ ਬਾਬਾ ਦਿਲਬਾਗ ਸਿੰਘ ਵੱਲੋਂ ਲੰਗਰ ਲਗਾਇਆ ਗਿਆ। ਅਮਰੀਕਾ ਤੋਂ ਰਮੇਸ਼ ਕੁਮਾਰ ਨੇ ਸੱਤ ਨੌਜਵਾਨਾਂ ਦੇ ਪਰਿਵਾਰਾਂ ਲਈ 20-20 ਹਜ਼ਾਰ ਦੀ ਰਾਸ਼ੀ ਭੇਜੀ। ਸਮਾਜ ਸੇਵੀ ਐੱਸਐੱਮਐੱਸ ਸੰਧੂ ਨੇ ਸਾਰੇ ਪੀੜਤ ਪਰਿਵਾਰਾਂ ਨੂੰ 5100-5100 ਦੀ ਮਾਇਕ ਸਹਾਇਤਾ ਭੇਟ ਕੀਤੀ। ਇਸ ਮੌਕੇ ਵਪਾਰ ਮੰਡਲ ਬਨੂੜ ਤੇ ਟਰੱਕ ਯੂਨੀਅਨ ਬਨੂੜ ਵੱਲੋਂ ਵੀ ਆਰਥਿਕ ਮਦਦ ਕੀਤੀ ਗਈ।
ਇਸ ਮੌਕੇ ਰਾਜਪੁਰਾ ਹਲਕੇ ਦੀ ਵਿਧਾਇਕਾ ਨੀਨਾ ਮਿੱਤਲ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਤੇ ਜਗਦੀਸ਼ ਕੁਮਾਰ ਜੱਗਾ, ਅਕਾਲੀ ਦਲ ਦੇ ਆਗੂ ਚਰਨਜੀਤ ਸਿੰਘ ਬਰਾੜ ਤੇ ਐਡਵੋਕੇਟ ਸਿਮਰਨਜੀਤ ਸਿੰਘ ਚੰਦੂਮਾਜਰਾ, ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਮਿਲਟੀ ਆਦਿ ਨੇ ਪਰਿਵਾਰ ਨਾਲ ਦੁੱਖ ਵੰਡਾਇਆ।
ਪੰਜਾਬ ਸਰਕਾਰ ਦੀ ਸਹਾਇਤਾ ਰਾਸ਼ੀ ਨਿਗੂਣੀ
ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਅਕਾਲੀ ਆਗੂ ਚਰਨਜੀਤ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ ਐਲਾਨੀ ਗਈ ਇੱਕ-ਇੱਕ ਲੱਖ ਦੀ ਰਾਸ਼ੀ ਨੂੰ ਨਿਗੂਣੀ ਦੱਸਿਆ। ਉਨ੍ਹਾਂ ਕਿਹਾ ਕਿ ਜੇਕਰ ਹਿਮਾਚਲ ਪ੍ਰਦੇਸ਼ ਸਰਕਾਰ ਚਾਰ-ਚਾਰ ਲੱਖ ਦਾ ਮੁਆਵਜ਼ਾ ਦੇ ਸਕਦੀ ਹੈ ਤਾਂ ਪੰਜਾਬ ਸਰਕਾਰ ਨੂੰ ਇਨ੍ਹਾਂ ਗਰੀਬ ਪਰਿਵਾਰਾਂ ਨੂੰ ਦਸ-ਦਸ ਲੱਖ ਰੁਪਏ ਦੀ ਆਰਥਿਕ ਸਹਾਇਤਾ ਅਤੇ ਪਰਿਵਾਰ ਦੇ ਇੱਕ-ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ।