ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 21 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਪਾਰਲੀਮਾਨੀ ਸਕੱਤਰ ਜਗਦੀਪ ਸਿੰਘ ਨਕੱਈ ਦੇ ਪਿਤਾ ਬਲਵਿੰਦਰ ਸਿੰਘ ਨਕੱਈ ਨਮਿਤ ਰੱਖੀ ਗਈ ਅੰਤਿਮ ਅਰਦਾਸ ਮੌਕੇ ਅੱਜ ਵੱਖ-ਵੱਖ ਜਥੇਬੰਦੀਆਂ, ਧਾਰਮਿਕ ਸੰਸਥਾਵਾਂ, ਮਾਰਕਫੈੱਡ, ਇਫਕੋ ਦੇ ਅਦਾਰਿਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਸਿਆਸੀ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ।
ਅੱਜ ਦੇ ਇਸ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨੇਕ ਸੁਭਾਅ ਦੇ ਮਾਲਕ ਬਲਵਿੰਦਰ ਸਿੰਘ ਨਕੱਈ ਦੀ ਯਾਦ ’ਚ ਬਠਿੰਡਾ ਵਿੱਚ ਕੋਈ ਡੀਏਪੀ ਜਾਂ ਯੂਰੀਆ ਖਾਦ ਦਾ ਵੱਡਾ ਪਲਾਂਟ ਲਗਾਇਆ ਜਾਵੇ। ਸਮਾਗਮ ਦੌਰਾਨ ਗਰੀਨ ਮਿਸ਼ਨ ਵੈੱਲਫੇਅਰ ਸੁਸਾਇਟੀ ਵੱਲੋਂ 1100 ਫਲਦਾਰ, ਛਾਂਦਾਰ ਤੇ ਫੁੱਲਾਂ ਵਾਲੇ ਬੂਟੇ ਵੀ ਵੰਡੇ ਗਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਬਿਕਰਮਜੀਤ ਸਿੰਘ ਮਜੀਠੀਆ, ਪਰਮਿੰਦਰ ਸਿੰਘ ਢੀਂਡਸਾ, ਜਗਮੀਤ ਬਰਾੜ, ਬਲਕਾਰ ਸਿੱਧੂ ਨੇ ਸ਼ਰਧਾਂਜਲੀ ਦਿੱਤੀ। ਇਸ ਤੋਂ ਇਲਾਵਾ ਉੱਘੇ ਮੱਛੀ ਪਾਲਕ ਰਾਜਵੀਰ ਰਾਜਾ, ਇਫਕੋ ਦੇ ਮੈਨੇਜਿੰਗ ਡਾਇਰੈਕਟਰ ਯੂਐੱਸ ਅਵਸਥੀ, ਸੰਸਦ ਮੈਂਬਰ ਚੰਦਰਪਾਲ ਸਿੰਘ ਯਾਦਵ, ਇਫਕੋ ਦੀ ਵਾਈਸ ਚੇਅਰਮੈਨ ਕੁਮਾਰੀ ਸੰਘਾਨੀਆ, ਪ੍ਰਹਿਲਾਦ ਸਿੰਘ ਇਫਕੋ, ਇਫਕੋ ਦੇ ਈਡੀ ਮਾਰਕੀਟਿੰਗ ਜੋਗਿੰਦਰ ਕੁਮਾਰ, ਇਫਕੋ ਦੇ ਡਾਇਰੈਕਟਰ ਸੀਸਪਾਲ ਸਿੰਘ, ਇਫਕੋ ਦੇ ਵਧੀਕ ਮੈਨੇਜਿੰਗ ਡਾਇਰੈਕਟਰ ਕਪੂਰ ਸਿੰਘ ਸਮੇਤ ਵੱਡੀ ਗਿਣਤੀ ’ਚ ਲੋਕਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸ੍ਰੀ ਨਕੱਈ ਦੇ ਕਾਰਜਕਾਲ ਦੌਰਾਨ ਹੀ ਇਫਕੋ 34 ਹਜ਼ਾਰ ਤੋਂ ਵੱਧ ਸਹਿਕਾਰੀ ਸਭਾਵਾਂ ਦੇ ਨਾਲ ਵਿਸ਼ਵ ਦੀ ਸਭ ਤੋਂ ਵੱਡੀ ਖਾਦ ਉਤਪਾਦਕ ਸਹਿਕਾਰੀ ਸੰਸਥਾ ਬਣੀ।