ਪੱਤਰ ਪ੍ਰੇਰਕ
ਲਾਲੜੂ, 14 ਅਗਸਤ
ਵਾਈਸ ਆਫ਼ ਇੰਡੀਆ ਮੁਹਾਲੀ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਸ਼ਾਲ ਤਿਰੰਗਾ ਯਾਤਰਾ ਕੱਢੀ, ਜਿਸ ਦੀ ਸ਼ੁਰੂਆਤ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਰਾਸ਼ਟਰੀ ਸਵੈਮ ਸੇਵਕ ਸੰਘ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਗੁਰਦੇਵ ਨੇ ਹਰੀ ਝੰਡੀ ਵਿਖਾ ਕੇ ਕੀਤੀ। ਇਹ ਯਾਤਰਾ ਮਹਾਰਾਣਾ ਪ੍ਰਤਾਪ ਭਵਨ ਲਾਲੜੂ ਤੋਂ ਸ਼ੁਰੂ ਹੋ ਕੇ ਸੈਣੀ ਮਾਰਕੀਟ, ਸਰਦਾਰਪੁਰਾ, ਲਾਲੜੂ ਮੰਡੀ, ਲਾਲੜੂ ਪਿੰਡ ਤੋਂ ਹੁੰਦੀ ਹੋਈ ਮਹਾਰਾਣਾ ਪ੍ਰਤਾਪ ਭਵਨ ਵਿੱਚ ਸਮਾਪਤ ਹੋਈ।
ਇਸ ਯਾਤਰਾ ਵਿੱਚ ਰਾਸਟਰੀ ਸਵੈਮ ਸੇਵਕ ਸੰਘ ਸਮੇਤ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਵਰਕਰਾਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਸਥਾਨਕ ਨੌਜਵਾਨਾ ਨੇ ਸ਼ਿਰਕਤ ਕੀਤੀ। ਇਸ ਮੌਕੇ ਵਾਈਸ ਆਫ ਇੰਡੀਆ ਲਾਲੜੂ ਦੇ ਪ੍ਰਬੰਧਕ ਸੰਜੀਵ ਗੋਇਲ, ਜ਼ਿਲ੍ਹਾ ਮੁਹਾਲੀ ਭਾਜਪਾ ਦੇ ਪ੍ਰਧਾਨ ਸੁਸ਼ੀਲ ਰਾਣਾ ਤੇ ਸੰਜੀਵ ਖੰਨਾ ਆਦਿ ਹਾਜ਼ਰ ਸਨ।
ਪੰਚਕੂਲਾ (ਪੱਤਰ ਪ੍ਰੇਰਕ): ਇੱਥੇ ਸੂਦ ਸਭਾ ਵੱਲੋਂ ਤਿਰੰਗਾ ਯਾਤਰਾ ਕੱਢੀ ਗਈ, ਜਿਸ ਦੀ ਅਗਵਾਈ ਪੰਚਕੂਲਾ ਨਗਰ ਨਿਗਮ ਦੇ ਕੌਂਸਲਰ ਸੋਨੀਆ ਸੂਦ ਨੇ ਕੀਤੀ ਗਈ।
ਇਹ ਯਾਤਰਾ ਸੂਦ ਭਵਨ ਸੈਕਟਰ-10 ਤੋਂ ਸ਼ੁਰੂ ਹੋਈ ਤੇ ਸ਼ਹਿਰ ਵਿੱਚ ਘੁੰਮਣ ਮਗਰੋਂ ਸਮਾਪਤ ਹੋ ਗਈ। ਇਸ ਮੌਕੇ ਸੂਦ ਸਭਾ ਦੇ ਪ੍ਰਧਾਨ ਅਤੇ ਭਾਜਪਾ ਨੇਤਾ ਉਮੇਸ਼ ਸੂਦ, ਸਕੱਤਰ ਅਸ਼ਵਨੀ ਸੂਦ, ਵਿੱਤ ਸਕੱਤਰ ਅਮਿਤ ਸੂਦ ਅਤੇ ਲੁਕੇਸ਼ ਸੂਦ ਸ਼ਾਮਲ ਸਨ।
‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਸਾਈਕਲ ਰੈਲੀ
ਸ੍ਰੀ ਆਨੰਦਪੁਰ ਸਾਹਿਬ (ਪੱਤਰ ਪ੍ਰੇਰਕ): ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਜਿੱਥੇ ਇਮਾਰਤਾ ਉਤੇ ਹਰ ਪਾਸੇ ਤਿਰੰਗਾ ਬਹੁਤ ਹੀ ਸ਼ਾਨ ਨਾਲ ਲਹਿਰਾ ਰਿਹਾ ਹੈ, ਉਥੇ ਸ੍ਰੀ ਆਨੰਦਪੁਰ ਸਾਹਿਬ ਵਿਚ ਸਾਈਕਲ ਤੇ ਮੋਟਰਸਾਂਈਕਲਾਂ ਉਤੇ ਤਿਰੰਗਾ ਲਗਾ ਕੇ ਇੱਕ ਵਿਸ਼ੇਸ਼ ਰੈਲੀ ਕੀਤੀ ਗਈ। ਸ੍ਰੀ ਆਨੰਦਪੁਰ ਸਾਹਿਬ ਨੱਕੀਆਂ ਟੌਲ ਪਲਾਜ਼ਾ ਤੋਂ ਤਹਿਸੀਲਦਾਰ ਅਮ੍ਰਿਤਵੀਰ ਸਿੰਘ ਨੇ ਸਾਈਕਲ ਤੇ ਮੋਟਰਸਾਈਕਲਾਂ ਉਤੇ ਤਿਰੰਗਾ ਲਗਾ ਕੇ ਸਵਾਰ ਹੋਏ ਲੋਕਾਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਐਨ.ਸੀ.ਸੀ.ਅਫਸਰ ਰਣਜੀਤ ਸਿੰਘ ਦੀ ਅਗਵਾਈ ਵਿਚ ਸਾਈਕਲਿੰਗ ਐਸੋਸੀਏਸ਼ਨ ਦੇ ਮੈਬਰਾਂ ਨੇ ਵੀ ਆਪਣੇ ਸਾਈਕਲਾਂ ਉਤੇ ਤਿਰੰਗੇ ਲਗਾ ਕੇ ਰੈਲੀ ਵਿਚ ਭਾਗ ਲਿਆ ਗਿਆ।