ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਜੁਲਾਈ
ਸਿੰਘੂ ਬਾਰਡਰ ’ਤੇ ਚੱਲ ਰਹੇ ਕਿਸਾਨ ਮੋਰਚੇ ਉੱਪਰ ਕੁੰਡਲੀ ਥਾਣੇ ਤੋਂ ਕੁਝ ਦੂਰ ਦੋ ਥਾਵਾਂ ’ਤੇ ਅਚਾਨਕ ਅੱਗ ਲੱਗਣ ਕਾਰਨ ਇੱਕ ਟਰਾਲੀ ਤੇ 5 ਟੈਂਟਾਂ ਦਾ ਸਾਮਾਨ ਸੜ ਗਿਆ। ਪ੍ਰਤੱਖਦਰਸ਼ੀਆਂ ਮੁਤਾਬਕ ਪਹਿਲਾਂ ਅੱਗ ਇੱਕ ਥਾਂ ਲੱਗੀ ਤਾਂ ਲੋਕ ਅੱਗ ਬੁਝਾਉਣ ਲਈ ਉੱਧਰ ਦੌੜੇ ਪਰ ਕੁਝ ਹੀ ਦੇਰ ਬਾਅਦ ਇੱਕ ਟਰਾਲੀ ਨੂੰ ਵੀ ਅੱਗ ਲੱਗ ਗਈ। ਇਸ ਘਟਨਾ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕੁੰਡਲੀ (ਸੋਨੀਪਤ, ਹਰਿਆਣਾ) ਤੋਂ ਪਹੁੰਚੀ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ’ਤੇ ਜਲਦੀ ਹੀ ਕਾਬੂ ਪਾ ਲਿਆ ਗਿਆ। ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਤੇ ਬੂਟਾ ਸਿੰਘ ਸਮੇਤ ਹੋਰ ਲੋਕ ਮੌਕੇ ’ਤੇ ਪੁੱਜੇ ਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਸ ਪਿੱਛੇ ਕੋਈ ਸਾਜ਼ਿਸ਼ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਦਿਨ ਵਿੱਚ ਦੋ ਵਾਰ ਉੱਥੇ ਮੀਂਹ ਪਿਆ ਜਿਸ ਕਰਕੇ ਅੱਗ ਲੱਗਣ ਦਾ ਕੋਈ ਕਾਰਨ ਨਹੀਂ ਹੋ ਸਕਦਾ। ਕਿਸਾਨਾਂ ਨੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ।