ਮਹਿੰਦਰ ਸਿੰਘ ਰੱਤੀਆਂ/ਗੁਰਪ੍ਰੀਤ ਦੌਧਰ
ਮੋਗਾ/ਅਜੀਤਵਾਲ, 11 ਅਗਸਤ
ਇਥੇ ਬੱਧਨੀ ਕਲਾਂ ਵਿਖੇ ਲੰਘੀ ਸ਼ਾਮ ਦਲਿਤ ਨੌਜਵਾਨ ਨੇ ਘਰੇਲੂ ਝਗੜੇ ਕਾਰਨ ਲਾਈਵ ਹੋ ਕੇ ਦਰਖ਼ਤ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਬੱਧਨੀ ਕਲਾਂ ਨੇ ਪਤਨੀ ਤੇ ਹੋਰ ਸਹੁਰਾ ਪਰਿਵਾਰ ਦੇ ਮੈਂਬਰਾਂ ਖ਼ਿਲਾਫ਼ ਖੁਦਕੁਸ਼ੀ ਲਈ ਉਕਾਸਾਉਣ ਦੇ ਦੋਸ ਹੇਠ ਕੇਸ ਦਰਜ ਕੀਤਾ ਹੈ। ਡੀਐੱਸਪੀ ਨਿਹਾਲ ਸਿੰਘ ਵਾਲਾ ਮਨਮੋਹਣ ਸਿੰਘ ਔਲਖ ਅਤੇ ਥਾਣਾ ਬੱਧਨੀ ਕਲਾਂ ਮੁਖੀ ਕਰਮਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਨੌਜਵਾਨ ਪਰਦੀਪ ਸਿੰਘ (34 ) ਦੇ ਪਿਤਾ ਰੇਸ਼ਮ ਸਿੰਘ ਵਾਸੀ ਬੱਧਨੀ ਕਲਾਂ ਦੇ ਬਿਆਨ ਉੱਤੇ ਮ੍ਰਿਤਕ ਦੀ ਪਤਨੀ ਕਰਮਜੀਤ ਕੌਰ, ਸੱਸ ਭੋਲੀ, ਸਾਲਾ ਸੁਖਚੈਨ ਸਿੰਘ ਉਰਫ਼ ਸੋਨੀ ਵਾਸੀ ਪਿੰਡ ਦੌਧਰ ਅਤੇ ਸਾਲੀ ਵੀਰਪਾਲ ਕੌਰ, ਸਾਢੂ ਹਰਪ੍ਰੀਤ ਸਿੰਘ ਪਿੰਡ ਰਾਜਪੁਰਾ ਬੁਰਜ (ਬਠਿੰਡਾ) ਖ਼ਿਲਾਫ਼ ਧਾਰਾ 306/34 ਆਈਪੀਸੀ ਤਹਿਤ ਕੇਸ ਦਰਜ ਕੀਤਾ ਹੈ। ਪਰਦੀਪ ਸਿੰਘ ਦਾ 8 ਸਾਲ ਪਹਿਲਾਂ ਕਰਮਜੀਤ ਕੌਰ ਨਾਲ ਵਿਆਹ ਹੋਇਆ ਸੀ। ਉਨ੍ਹਾਂ ਦਾ ਘਰੇਲੂ ਝਗੜਾ ਰਹਿਣ ਕਾਰਨ ਉਹ ਪ੍ਰੇਸ਼ਾਨ ਸੀ। ਉਸ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਲਾਈਵ ਹੋ ਕੇ ਆਪਣੀ ਮੌਤ ਲਈ ਆਪਣੀ ਪਤਨੀ ਅਤੇ ਬਾਕੀ ਮੁਲਜ਼ਮਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।