ਗਗਨਦੀਪ ਅਰੋੜਾ
ਲੁਧਿਆਣਾ, 17 ਜੂਨ
ਨਸ਼ਿਆਂ ਦੇ ਆਦੀ ਬਣੇ ਨੌਜਵਾਨ ਵੱਲੋਂ ਕੀਤੀ ਜਾਂਦੀ ਕੁੱਟਮਾਰ ਤੋਂ ਪ੍ਰੇਸ਼ਾਨ ਇੱਕ ਬਜ਼ੁਰਗ ਔਰਤ ਰੱਸਾ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਕੋਲ ਪੁੱਜ ਗਈ। ਬਜ਼ੁਰਗ ਔਰਤ ਨੇ ਵਿਧਾਇਕ ਪੱਪੀ ਨੂੰ ਕਿਹਾ ਕਿ ਉਹ ਬਹੁਤ ਪ੍ਰੇਸ਼ਾਨ ਹੋ ਚੁੱਕੀ ਹੈ ਤੇ ਖੁਦਕੁਸ਼ੀ ਕਰਨਾ ਚਾਹੁੰਦੀ ਹੈ। ਔਰਤ ਨੇ ਕਿਹਾ ਕਿ ਉਸ ਦਾ ਲੜਕਾ ਨਸ਼ੇ ਕਰਦਾ ਹੈ। ਉਹ ਖ਼ੁਦ ਘਰਾਂ ਵਿੱਚ ਕੰਮ ਕਰਦੀ ਹੈ ਤੇ ਲੜਕਾ ਨਸ਼ਾ ਕਰਨ ਲਈ ਪੈਸੇ ਖੋਹ ਲੈਂਦਾ ਹੈ, ਜੇਕਰ ਉਹ ਪੈਸਿਆਂ ਲਈ ਨਾਂਹ ਕਰਦੀ ਹੈ ਤਾਂ ਉਹ ਉਸ ਦੀ ਕੁੱਟਮਾਰ ਕਰਦਾ ਹੈ। ਔਰਤ ਦਾ ਦੁੱਖੜਾ ਸੁਣਨ ਮਗਰੋਂ ਵਿਧਾਇਕ ਅਸ਼ੋਕ ਪਰਾਸ਼ਰ ਨੇ ਔਰਤ ਨੂੰ ਸ਼ਨਿੱਚਰਵਾਰ ਸਵੇਰੇ ਫਿਰ ਆਪਣੇ ਕੋਲ ਬੁਲਾਇਆ ਹੈ। ਇਸ ਤੋਂ ਪਹਿਲਾਂ ਜੱਸੀਆਂ ਰੋਡ ਇਲਾਕੇ ਵਿੱਚ ਰਹਿਣ ਵਾਲੇ ਬਜ਼ੁਰਗ ਔਰਤ ਅੱਜ ਰੱਸੀ ਲੈ ਕੇ ਵਿਧਾਇਕ ਪੱਪੀ ਕੋਲ ਪੁੱਜੀ ਅਤੇ ਅਤੇ ਵਿਧਾਇਕ ਨੂੰ ਅਪੀਲ ਕੀਤੀ ਕਿ ਉਹ ਉਸ ਨੂੰ ਖੁਦਕੁਸ਼ੀ ਕਰਨ ਦੀ ਆਗਿਆ ਦੇਣ। ਔਰਤ ਨੇ ਦੱਸਿਆ ਕਿ ਉਸਦਾ ਲੜਕਾ ਚਾਰ ਸਾਲ ਤੋਂ ਨਸ਼ਾ ਕਰ ਰਿਹਾ ਸੀ ਜਿਸ ਨੇ ਘਰ ਦਾ ਪੂਰਾ ਸਾਮਾਨ ਵੀ ਵੇਚ ਦਿੱਤਾ ਹੈ। ਇਸ ਕਾਰਨ ਉਹ ਪ੍ਰੇਸ਼ਾਨ ਹੈ ਤੇ ਖੁਦਕੁਸ਼ੀ ਕਰਨਾ ਚਾਹੁੰਦੀ ਹੈ। ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਔਰਤ ਨੂੰ ਭਰੋਸਾ ਦਿਵਾਇਆ ਕਿ ਉਹ ਉਸ ਦਾ ਸਾਥ ਦੇਣਗੇ ਤੇ ਉਸ ਦੇ ਪੁੱਤਰ ਨੂੰ ਨਸ਼ਾ ਛੁਡਾਓ ਕੇਂਦਰ ਵਿੱਚ ਦਾਖਲ ਕਰਵਾ ਕੇ ਉਸ ਦਾ ਇਲਾਜ ਕਰਵਾਉਣਗੇ।