ਸ਼ਗਨ ਕਟਾਰੀਆ
ਜੈਤੋ, 31 ਮਾਰਚ
ਸਥਾਨਕ ਟਰੱਕ ਯੂਨੀਅਨ ਵਿੱਚ ਅੱਜ ਟਕਰਾਅ ਵਾਲੇ ਮਾਹੌਲ ’ਚ ਨਵੇਂ ਅਹੁਦੇਦਾਰਾਂ ਦੀ ਤਾਜਪੋਸ਼ੀ ਹੋਈ। ਇਸ ਮੌਕੇ ਟਰੱਕ ਅਪਰੇਟਰਾਂ ਦਾ ਇਕ ਧੜਾ ਹਾਕਮ ਧਿਰ ਅਤੇ ਦੂਜਾ ਵਿਰੋਧ ਵਿੱਚ ਡਟਿਆ ਰਿਹਾ। ਜਾਣਕਾਰੀ ਅਨੁਸਾਰ ਅੱਜ ਜੈਤੋ ਤੋਂ ‘ਆਪ’ ਵਿਧਾਇਕ ਅਮੋਲਕ ਸਿੰਘ ਨੇ ਟਰੱਕ ਯੂਨੀਅਨ ਦਾ ਦੌਰਾ ਕਰਨਾ ਸੀ, ਜਿਸ ਦੀ ਖ਼ਬਰ ਮਿਲਣ ’ਤੇ ਯੂਨੀਅਨ ਦੇ ਇੱਕ ਧੜੇ ਨੇ ਸਵੇਰੇ ਹੀ ਟਰੱਕ ਯੂਨੀਅਨ ਦੀ ਚਾਰਦੀਵਾਰੀ ਦੇ ਗੇਟ ’ਤੇ ਧਰਨਾ ਸ਼ੁਰੂ ਕਰ ਦਿੱਤਾ। ਸੂਤਰਾਂ ਅਨੁਸਾਰ ਬਾਅਦ ’ਚ ਦੋਵਾਂ ਧਿਰਾਂ ’ਚ ਮੀਟਿੰਗ ਵੀ ਹੋਈ, ਪਰ ਬੇਸਿੱਟਾ ਰਹੀ। ਇਸ ਮਗਰੋਂ ਹਾਕਮ ਧਿਰ ਦੇ ਚਾਰ-ਪੰਜ ਸੌ ਵਰਕਰ ਟਰੱਕ ਯੂਨੀਅਨ ਨੇੜੇ ਪਹੁੰਚੇ ਤਾਂ ਧਰਨੇ ’ਤੇ ਬੈਠੇ ਮੈਂਬਰਾਂ ਨੇ ਅੰਦਰ ਵੜ ਕੇ ਗੇਟ ਬੰਦ ਕਰ ਲਿਆ। ਜਦੋਂ ਬਾਹਰ ਖੜ੍ਹੀ ਧਿਰ ਨੇ ਜ਼ੋਰ ਨਾਲ ਗੇਟ ਖੋਲ੍ਹ ਲਿਆ ਤਾਂ ਦੋਵੇਂ ਧਿਰਾਂ ’ਚ ਹੱਥੋ-ਪਾਈ ਸ਼ੁਰੂ ਹੋ ਗਈ। ਦੋਵੇਂ ਧਿਰਾਂ ਨੇ ਇੱਕ ਦੂਜੇ ’ਤੇ ਟੈਂਟ ਵਾਲੀਆਂ ਪਾਈਪਾਂ, ਇੱਟਾਂ, ਵੱਟਿਆਂ, ਡਾਂਗਾਂ ਅਤੇ ਲੋਹੇ ਦੀਆਂ ਕੁਰਸੀਆਂ ਵਰ੍ਹਾਈਆਂ। ਇਹ ਵੀ ਪਤਾ ਲੱਗਾ ਹੈ ਕਿ ਲੜਾਈ ਦੌਰਾਨ ਟਰੱਕ ਅਪਰੇਟਰ ਸੁਖਦੇਵ ਸਿੰਘ ਦੀ ਲੱਤ ’ਤੇ ਅਤੇ ਜਗਦੀਸ਼ ਸਿੰਘ ਦੇ ਚੂਲੇ ’ਚ ਸੱਟ ਲੱਗੀ ਹੈ। ਦੋਵਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਇਸੇ ਦੌਰਾਨ ਵਿਧਾਇਕ ਨੇ ਹਰਸਿਮਰਨ ਸਿੰਘ ਮਲਹੋਤਰਾ ਦੇ ਹਾਰ ਪਾ ਕੇ ਉਨ੍ਹਾਂ ਨੂੰ ਪ੍ਰਧਾਨ ਅਤੇ ਜਸਵੰਤ ਸਿੰਘ ਜੈਤੋ ਨੂੰ ਮੀਤ ਪ੍ਰਧਾਨ ਦੀ ਕੁਰਸੀ ’ਤੇ ਬਿਠਾ ਦਿੱਤਾ ਹੈ।
ਵਿਰੋਧੀ ਧਿਰ ਵੱਲੋਂ ਨਵੀਂ ਯੂਨੀਅਨ ਬਣਾਉਣ ਦਾ ਫ਼ੈਸਲਾ
ਧਰਨੇ ਵਿੱਚ ਸ਼ਾਮਲ ਅਪਰੇਟਰਾਂ ਨੇ ਇਸ ਘਟਨਾ ਮਗਰੋਂ ਨਹਿਰੂ ਪਾਰਕ ’ਚ ਮੀਟਿੰਗ ਕੀਤੀ। ਇਥੇ ਸੁਖਦੇਵ ਸਿੰਘ ਬਰਾੜ (ਬੇਗਾ) ਤੇ ਸੁਖਦੇਵ ਸਿੰਘ ਸੁੱਖਾ ਨੇ ਪੁਲੀਸ ’ਤੇ ਹਾਕਮ ਧਿਰ ਦਾ ਪੱਖ ਪੂਰਨ ਦਾ ਦੋਸ਼ ਲਾਇਆ। ਉਨ੍ਹਾਂ ਦਾਅਵਾ ਕੀਤਾ ਕਿ ਸਮਝੌਤੇ ਲਈ ਹੋਈ ਮੀਟਿੰਗ ’ਚ ਅਪਰੇਟਰਾਂ ’ਚੋਂ ਹੀ ਕਿਸੇ ਤਜਰਬੇਕਾਰ ਨੂੰ ਪ੍ਰਧਾਨ ਬਣਾਉਣ ਦੀ ਤਜਵੀਜ਼ ਦਿੱਤੀ ਗਈ ਸੀ, ਜਿਸ ਨੂੰ ਸੱਤਾਧਾਰੀ ਧਿਰ ਨੇ ਪ੍ਰਵਾਨ ਨਹੀਂ ਕੀਤਾ। ਮੀਟਿੰਗ ’ਚ ਪੁੱਜੇ ਅਪਰੇਟਰਾਂ ਨੇ ਕਿਹਾ ਕਿ ਉਹ ਵੱਖਰੀ ਰਜਿਸਟ੍ਰੇਸ਼ਨ ਕਰਵਾ ਕੇ ਨਵੀਂ ਯੂਨੀਅਨ ਸਥਾਪਤ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਯੂਨੀਅਨ ਕੋਲ ਕਰੀਬ 150 ਆਪਰੇਟਰ ਤੇ 260 ਟਰੱਕ ਹਨ। ਉਨ੍ਹਾਂ ਕਿਹਾ ਕਿ ਨਵੀਂ ਯੂਨੀਅਨ ਦੇ ਗਠਨ ਲਈ 180 ਟਰੱਕਾਂ ਵਾਲੇ 120 ਅਪਰੇਟਰਾਂ ਨੇ ਹਾਮੀ ਭਰ ਦਿੱਤੀ ਹੈ।