ਲਖਵੀਰ ਸਿੰਘ ਚੀਮਾ
ਟੱਲੇਵਾਲ(ਬਰਨਾਲਾ),25 ਸਤੰਬਰ
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ। ਅੱਜ ਪੰਜਾਬ ਬੰਦ ਦੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ’ਤੇ ਬਰਨਾਲਾ ਵਿੱਚ ਮੁਕੰਮਲ ਅਸਰ ਦੇਖਣ ਨੂੰ ਮਿਲਿਆ। ਕਿਸਾਨ ਜਥੇਬੰਦੀਆਂ ਅਤੇ ਵਪਾਰੀ ਵਰਗ ਵੱਲੋਂ ਮਿਲ ਕੇ ਬਰਨਾਲਾ ਦੇ ਬਾਜ਼ਾਰਾਂ ਵਿੱਚ ਮਾਰਚ ਕੀਤਾ ਗਿਆ ਅਤੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ ਗਈ। ਦੁਕਾਨਦਾਰਾਂ, ਵਪਾਰੀਆਂ ਅਤੇ ਆੜ੍ਹਤੀਆਂ ਵੱਲੋਂ ਵੀ ਇਸ ਬੰਦ ਦਾ ਸਮਰਥਨ ਕਰਕੇ ਆਪਣੇ ਕਾਰੋਬਾਰ ਬੰਦ ਰੱਖੇ ਗਏ। ਇਸ ਮੌਕੇ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਅਤੇ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਦਿੱਤਾ ਗਿਆ ਸੱਦਾ ਅੱਜ ਸਫਲ ਹੋਇਆ ਹੈ। ਅੱਜ ਵਿੱਚ ਅੱਜ ਬਰਨਾਲਾ ਸ਼ਹਿਰ ਮੁਕੰਮਲ ਬੰਦ ਹੋਣ ਦੇ ਨਾਲ ਨਾਲ ਬਰਨਾਲਾ ਤੋਂ ਮੋਗਾ, ਲੁਧਿਆਣਾ, ਚੰਡੀਗੜ੍ਹ, ਬਠਿੰਡਾ ਮਾਨਸਾ ਸਾਰੇ ਮਾਰਗ ਧਰਨਾ ਲਗਾ ਕੇ ਜਾਮ ਕੀਤੇ ਗਏ ਹਨ। ਕਿਸਾਨਾਂ ਦਾ ਸੰਘਰਸ਼ ਪੰਜਾਬ ਬੰਦ ਤੱਕ ਹੀ ਨਹੀਂ ਰੁਕੇਗਾ। ਜੇਕਰ ਕੇਂਦਰ ਸਰਕਾਰ ਨੇ ਅਜੇ ਵੀ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਦਿੱਲੀ ਵੱਲ ਵੀ ਕੂਚ ਕਰ ਸਕਦੇ ਹਨ।
ਭਵਾਨੀਗੜ੍ਹ(ਮੇਜਰ ਸਿੰਘ ਮੱਟਰਾਂ): 31 ਕਿਸਾਨ ਜਥੇਬੰਦੀਆਂ ਨੇ ਅੱਜ ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਸਵੇਰੇ 9 ਵਜੇ ਤੋਂ ਹੀ ਧਰਨਾ ਲਗਾ ਦਿੱਤਾ।ਹਜ਼ਾਰਾਂ ਕਿਸਾਨਾਂ ਨੂੰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ, ਗੁਰਮੀਤ ਸਿੰਘ ਭੱਟੀਵਾਲ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਗੁਰਮੀਤ ਸਿੰਘ ਕਪਿਆਲ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ ਨੇ ਸੰਬੋਧਨ ਕੀਤਾ। ਇਸ ਮੌਕੇ ਆੜਤੀਆ, ਦੁਕਾਨਦਾਰ ਅਤੇ ਕਿਸਾਨ ਬੀਬੀਆਂ ਵੀ ਹਾਜ਼ਰ ਸਨ।
ਲਹਿਰਾਗਾਗਾ(ਰਮੇਸ਼ ਭਾਰਦਵਾਜ): ਅੱਜ ਦੂਜੇ ਦਿਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀ ਬਿਲਾਂ ਦੇ ਖ਼ਿਲਾਫ ਨੇੜਲੇ ਪਿੰਡ ਛਾਜਲੀ ਰੇਲ ਲਾਈਨ ’ਤੇ ਲਾਇਆ ਤਿੰਨ ਦਿਨਾਂ ਰੇਲ ਰੋਕੋ ਧਰਨਾ ਜਾਰੀ ਰਿਹਾ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਦਰਬਾਰਾ ਸਿੰਘ , ਰਾਮਸ਼ਰਨ ਉਗਰਾਹਾਂ, ਸੁਖਪਾਲ ਮਾਣਕ, ਗੋੋਬਿੰਦ ਚੱਠੇ ਨੇ ਕਿਹਾ ਕਿ ਧਰਨਾ ਨਿਰੋਲ ਗੈਰ ਰਾਜਨੀਤਕ ਹੈ।
ਮਾਨਸਾ (ਜੋਗਿੰਦਰ ਮਾਨ): 31 ਕਿਸਾਨ ਜਥੇਬੰਦੀਆਂ ਵਲੋਂ ਖੇਤੀ ਬਿੱਲਾਂ ਖਿਲਾਫ਼ ਤਿੰਨ ਰੋਜ਼ਾ ਸੰਘਰਸ਼ ਦੇ ਪਹਿਲੇ ਦਿਨ ਸੂਬੇ ਭਰ ਵਿਚ ਸੁਮੱਚੀ ਰੇਲ ਵਿਵਸਥਾ ਠੱਪ ਰਹਿਣ ਤੋਂ ਬਾਅਦ ਅੱਜ ਇਨ੍ਹਾਂ ਬਿੱਲਾਂ ਵਿਰੁੱਧ ਰਾਜ ਭਰ ਮੁਕੰਮਲ ਬੰਦ ਪੂਰਾ ਕਾਮਯਾਬ ਹੋ ਰਿਹਾ ਹੈ। ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿਚ ਵੀ ਇਸ ਦੇ ਸਫਲ ਹੋਣ ਦੀਆਂ ਲਗਾਤਾਰ ਖ਼ਬਰਾਂ ਪ੍ਰਾਪਤ ਹੋ ਰਹੀਆਂ ਹਨ। ਅੱਜ ਰੇਲਾਂ ਤੋਂ ਇਲਾਵਾ, ਸਰਕਾਰੀ-ਪ੍ਰਾਈਵੇਟ ਬੱਸਾਂ,ਆਮ ਟਰੈਫਿਕ ਹੀ ਬੰਦ ਨਹੀਂ, ਸਗੋਂ ਥਾਂ -ਥਾਂ ਉਤੇ ਕਿਸਾਨਾਂ, ਮਜ਼ਦੂਰਾਂ, ਆੜਤੀਆਂ, ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਹੋਰ ਧਿਰਾਂ ਵਲੋਂ ਇਕਮਿਕ ਹੋਕੇ ਕਿਸਾਨ ਅੰਦੋਲਨ ਜ਼ਿੰਦਾਬਾਦ ਕਿਹਾ ਜਾ ਰਿਹਾ ਹੈ।
ਬਠਿੰਡਾ(ਸ਼ਗਨ ਕਟਾਰੀਆ): ‘ਪੰਜਾਬ ਬੰਦ’ ਨੂੰ ਬਠਿੰਡਾ ’ਚ ਅੱਜ ਭਰਵਾਂ ਹੁੰਗਾਰਾ ਮਿਲਿਆ। ਬਾਜ਼ਾਰਾਂ ਤੋਂ ਲੈ ਰੇੜ੍ਹੀਆਂ-ਫੜ੍ਹੀਆਂ ਤੱਕ ਦੇ ਕਾਰੋਬਾਰ ਠੱਪ ਰਹੇ। ਸੜਕਾਂ ’ਤੇ ਆਵਾਜਾਈ ਬੰਦ ਸੀ। ਬੰਦ ਦੇ ਹਮਾਇਤੀਆਂ ਨੇ ਇਥੋਂ ਦੇ ਭਾਈ ਘਨੱਈਆ ਚੌਕ ਵਿਚ ਧਰਨਾ ਲਾਇਆ। ਸ਼੍ਰੋਮਣੀ ਅਕਾਲੀ ਦਲ ਨੇ ਆਈਟੀਆਈ ਚੌਕ ’ਚ ਤਿੰਨ ਘੰਟਿਆਂ ਲਈ ਧਰਨਾ ਲਾ ਕੇ ‘ਚੱਕਾ ਜਾਮ’ ਕੀਤਾ। ਜ਼ਿਲ੍ਹੇ ’ਚ ਕੋਟ ਸ਼ਮੀਰ, ਰਾਮਪੁਰਾ, ਭਗਤਾ, ਜੀਦਾ ਸਮੇਤ ਦਰਜਨਾਂ ਥਾਵਾਂ ’ਤੇ ਕਿਸਾਨਾਂ ਵੱਲੋਂ ਸੜਕੀ ਆਵਾਜਾਈ ਠੱਪ ਕਰਨ ਦੀਆਂ ਖ਼ਬਰਾਂ ਹਨ।
ਸਿਰਸਾ(ਪ੍ਰਭੂ ਦਿਆਲ): ਇਥੇ ਨੈਸ਼ਨਲ ਹਾਈਵੇਅ ’ਤੇ ਕਿਸਾਨਾਂ ਨੇ ਲਾਇਆ ਜਾਮ ਤੇ ਕਿਸਾਨਾਂ ਦੇ ਬਾਜ਼ਾਰਾਂ ਵਿੱਚ ਆਉਣ ਮਗਰੋਂ ਦੁਕਾਨਦਾਰਾਂ ਨੇ ਕਾਰੋਬਾਰ ਬੰਦ ਕੀਤੇ। ਖੇਤੀ ਬਿੱਲਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਕਿਸਾਨਾਂ ਵੱਲੋਂ ਸਵੇਰੇ ਦਸ ਵਜੇ ਤੋਂ ਸ਼ਾਮ ਤਿੰਨ ਵਜੇ ਤੱਕ ਬੰਦ ਦਾ ਸੱਦਾ ਦਿੱਤਾ ਗਿਆ ਹੈ। ਸਵੇਰੇ ਕੁਝ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਪਰ ਜਿਵੇਂ ਹੀ ਕਿਸਾਨ ਪਿੰਡਾਂ ’ਚੋਂ ਬਾਜ਼ਾਰਾਂ ਵਿੱਚ ਆਏ ਤਾਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ। ਕਿਸਾਨ ਪਿੰਡਾਂ ਚੋਂ ਆਪਣੇ ਟਰੈਕਟਰ ਟਰਾਲੀਆਂ ’ਤੇ ਚੜ੍ਹ ਕੇ ਵੱਡੀ ਗਿਣਤੀ ’ਚ ਬਾਜਾਰਾਂ ’ਚ ਆਏ ਤੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਕੁਝ ਸਮੇਂ ਲਈ ਨੈਸ਼ਨਲ ਹਾਈ ਵੇਅ ’ਤੇ ਜਾਮ ਵੀ ਲਾਇਆ।ਭਾਰਤ ਬੰਦ ਵਿੱਚ ਖੱਬੇਪੱਖੀਆਂ ਤੋਂ ਇਲਾਵਾ ਕਾਂਗਰਸ, ਵਿਦਿਆਰਥੀ, ਕਰਮਚਾਰੀ, ਆੜ੍ਹਤੀ ਤੇ ਨੌਜਵਾਨਾਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ।
ਮੋਗਾ(ਮਹਿੰਦਰ ਸਿੰਘ ਰੱਤੀਆਂ): ਖੇਤੀ ਸੁਧਾਰ ਬਿੱਲਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਤਹਿਤ ਜ਼ਿਲ੍ਹੇ ’ਚ ਮੁਕੰਮਲ ਬੰਦ ਰਿਹਾ। ਹਰ ਵਰਗ ਵੱਲੋਂ ਕਿਸਾਨਾਂ ਦੇ ਬੰਦ ਦਾ ਸਮਰਥਨ ਕੀਤਾ । ਬਾਘਾਪੁਰਾਣਾ ਤੇ ਡਗਰੂ ਵਿਖੇ ਕਿਸਾਨਾਂ ਦੇ ਧਰਨੇ ’ਚ ਪੁੱਜੇ ਕਾਂਗਰਸ ਆਗੂਆਂ ਦਾ ਜ਼ੋਰਦਾਰ ਵਿਰੋਧ ਹੋਇਆ, ਜਦੋਂ ਕਿ ਅਕਾਲੀ ਦਲ ਵੱਲੋਂ ਅਲੱਗ ਧਰਨੇ ਦਿੱਤੇ ਗਏ। ਕਿਸਾਨਾਂ ਨੇ ਭਲਕੇ ਅਜੀਤਵਾਲ ਵਿਖੇ ਰੇਲ ਮਾਰਗ ਜਾਮ ਕਰਨ ਦਾ ਐਲਾਨ ਕੀਤਾ ਹੈ। ਇਥੇ ਬੁੱਘੀਪੁਰਾ ਚੌਕ’ਚ ਬੀਕੇਯੂ ਏਕਤਾ ਉਗਰਾਹਾਂ ਸੁਬਾਈ ਆਗੂ ਸੁਖਦੇਵ ਸਿੰਘ ਕੋਕਰੀ ਦੀ ਅਗਵਾਈ ਹੇਠ ਧਰਨੇ ’ਚ ਹਜ਼ਾਰਾਂ ਦੀ ਗਿਣਤੀ ’ਚ ਕਿਸਾਨਾਂ ਤੇ ਔਰਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਬਲੌਰ ਸਿੰਘ ਘਾਲੀ, ਗੁਰਮੀਤ ਸਿੰਘ ਕਿਸ਼ਨਪੁਰਾ, ਗੁਰਭਿੰਦਰ ਸਿੰਘ ਕੋਕਰੀ, ਗੁਰਦੇਵ ਸਿੰਘ ਕਿਸ਼ਨਪੁਰਾ ਤੇ ਹੋਰ ਵੱਡੀ ਗਿਣਤੀ ’ਚ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ। ਇਥੇ ਮੁੱਖ ਚੌਕ ’ਚ ਕਿਰਤੀ ਕਿਸਾਨ ਯੂਨੀਅਨ ਸੂਬਾਈ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਇਸ ਮੌਕੇ ਬੀਕੇਯੂ (ਕਾਦੀਆ)ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ, ਗੁਲਜ਼ਾਰ ਸਿੰਘ ਘੱਲਕਲਾਂ, ਬਸਪਾ ਆਗੂ ਸੰਤ ਰਾਮ ਮੱਲੀਆਂ ਵਾਲਾ, ਮੁਲਾਜ਼ਮ ਆਗੂ ਮਹਿੰਦਰਪਾਲ ਲੂੰਬਾਂ ਤੇ ਹੋਰ ਵੱਡੀ ਗਿਣਤੀ’ਚ ਕਿਸਾਨਾਂ ਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਪਿੰਡ ਡਗਰੂ ਵਿਖੇ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰਧਾਨ, ਪ੍ਰਗਟ ਸਿੰਘ ਸਾਫੂਵਾਲਾ,ਬਿਲਾਸਪੁਰ ਵਿਖੇ ਬੀਕੇਯੂ ਏਕਤਾ ਉਗਰਾਹਾਂ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੋ, ਸਮਾਲਸਰ ਵਿਖੇ ਸੁਖਮੰਦਰ ਸਿੰਘ ਡੇਮਰੂ,ਕੋਟ ਈਸੇ ਖਾਂ ਵਿਖੇ ਬੀਕੇਯੂ (ਮਾਨ) ਆਗੂ ਬਲਵੰਤ ਸਿੰਘ ਬ੍ਰਾਹਮਕੇ,ਨਿਹਾਲ ਸਿੰਘ ਵਾਲਾ ਵਿਖੇ ਬੀਕੇਯੂ (ਲੱਖੋਵਾਲ)ਆਗੂ ਮਨਜੀਤ ਸਿੰਘ ਦੀ ਅਗਵਾਈ ਹੇਠ,ਬਾਘਾਪੁਰਾਣਾ ਵਿਖੇ ਬੀਕੇਯੂ ਆਗੂ ਗੁਰਦਰਸ਼ਨ ਸਿੰਘ ਉਗੋਕੇ, ਧਰਮਕੋਟ ਵਿਖੇ ਬੀਕੇਯੂ (ਕਾਦੀਆ)ਆਗੂ ਹਰਦੀਪ ਸਿੰਘ ਦੀ ਅਗਵਾਈ ਹੇਠ ਧਰਨੇ ਦਿੱਤੇ ਗਏ। ਇਸ ਤੋਂ ਇਲਾਵਾ ਜਿਲ੍ਹੇ ਵਿੱਚ ਹੋਰ ਵੀ ਥਾਵਾਂ ਉੱਤੇ ਕਿਸਾਨਾਂ ਤੇ ਜਨਤਕ ਜਥੇਬੰਦੀਆਂ ਦੀ ਅਗਵਾਈ ਧਰਨਿਆਂ ਵਿਚ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਮੌੜ ਮੰਡੀ(ਜਗਤਾਰ ਅਣਜਾਣ): ਅੱਜ ਪੰਜਾਬ ਬੰਦ ਦੇ ਸੱਦੇ ਨੂੰ ਹਲਕਾ ਮੌੜ ਚ ਪੂਰਨ ਸਮਰਥਨ ਮਿਲਿਆ। ਵੱਖ-ਵੱਖ ਕਿਸਾਨ ਜੱਥੇਬੰਦੀਆਂ ਅਤੇ ਹੋਰ ਦੂਸਰੀਆਂ ਯੂਨੀਅਨਾਂ ਵੱਲੋ 254 ਨੰਬਰ ਨੈਸ਼ਨਲ ਹਾਈਵੇ ਤੇ ਮਾਨਸਾ- ਬਠਿੰਡਾ ਚੌਕ ‘ਚ ਧਰਨਾ ਲਗਾਕੇ ਆਪਣਾ ਰੋਸ਼ ਜ਼ਾਹਰ ਕੀਤਾ। ਧਰਨੇ ਵਿੱਚ ਕਿਸਾਨ ਆਗੂ ਬੂਟਾ ਸਿੰਘ ਬੁਰਜ ਗਿੱਲ,ਕਾਕਾ ਸਿੰਘ ਕੋਟੜਾ, ਰੇਸ਼ਮ ਸਿੰਘ ਯਾਤਰੀ, ਫੂਲਾ ਸਿੰਘ ਡਕੌਂਦਾ, ਸੁਰਜੀਤ ਸਿੰਘ ਸੰਦੋਹਾ, ਕਾਲਾ ਸਿੰਘ ਗਹਿਰੀ ਨੇ ਸੰਬੋਧਨ ਕੀਤਾ।
ਮੁਕੇਰੀਆਂ(ਜਗਜੀਤ ਸਿੰਘ): ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਕੌਮੀ ਮਾਰਗ ‘ਤੇ ਮੁਕੇਰੀਆਂ ਦੇ ਮਾਤਾ ਰਾਣੀ ਚੌਕ ਵਿੱਚ ਪੱਗੜੀ ਸੰਭਾਲ ਜੱਟਾ, ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਦੀ ਅਗਵਾਈ ਵਿੱਚ ਕਿਸਾਨ ਜਥੇਬੰਦੀਆਂ ਵਲੋਂ ਸਵੇਰੇ 10 ਵਜੇ ਧਰਨਾ ਸ਼ੁਰੂ ਕਰ ਦਿੱਤਾ ਗਿਆ, ਜੋ ਕਿ ਲਗਾਤਾਰ ਚੱਲ ਰਿਹਾ ਹੈ। ਇਸ ਮੌਕੇ ਕਿਸਾਨ ਜਥੇਬੰਦੀਆਂ ਦਾ ਸਮਰਥਨ ਕਰਦਿਆਂ ਆਮ ਆਦਮੀ ਪਾਰਟੀ, ਕਾਂਗਰਸ, ਅਧਿਆਪਕ ਯੂਨੀਅਨ ਦੇ ਆਗੂਆਂ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ। ਕੁੱਲ ਹਿੰਦ ਕਿਸਾਨ ਸਭਾ ਵਲੋਂ ਸੂਬਾ ਜੁਆਇੰਟ ਸਕੱਤਰ ਆਸ਼ਾ ਨੰਦ ਤੇ ਤਹਿਸੀਲ ਸਕੱਤਰ ਅਸ਼ੋਕ ਮਹਾਜ਼ਨ ਦੀ ਅਗਵਾਈ ਵਿੱਚ ਅੱਡਾ ਕਾਲੂ ਚਾਂਗ ਵਿਖੇ ਮੁਕੇਰੀਆਂ ਤਲਵਾੜਾ ਮਾਰਗ ਜਾਮ ਕੀਤਾ ਗਿਆ। ਮੁਕੇਰੀਆਂ ਦੀ ਭੰਗਾਲਾ ਚੁੰਗੀ ਵਿਖੇ ਵੀ ਸ਼੍ਰੋਮਣੀ ਅਕਾਲੀ ਦਲ ਯੁਥ ਵਿੰਗ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਵਿੱਚ ਰੋਸ ਧਰਨਾ ਦਿੱਤਾ ਗਿਆ।