ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਅਤੇ ਬਠਿੰਡਾ ਪੁਲੀਸ ਦੇ ਇੱਕ ਸਾਂਝੇ ਅਪਰੇਸ਼ਨ ਦੌਰਾਨ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਇਹ ਕੈਨੇਡਾ ਰਹਿ ਰਹੇ ਗੋਲਡੀ ਬਰਾੜ ਦੇ ਨਜ਼ਦੀਕੀ ਸਾਥੀ ਹਨ। ਗੋਲਡੀ ਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਦੱਸਿਆ ਗਿਆ ਹੈ। ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀਜੀਪੀ) ਗੌਰਵ ਯਾਦਵ ਅਨੁਸਾਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਪਥਰਾਲਾ ਰਾਹੀਂ ਹਰਿਆਣਾ ਨੂੰ ਭੱਜਣ ਦੀ ਕੋਸ਼ਿਸ਼ ਦੌਰਾਨ ਇਨ੍ਹਾਂ ਮੁਲਜ਼ਮਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਇਨ੍ਹਾਂ ਮੁਲਜ਼ਮਾਂ ਦੀ ਪਛਾਣ ਮਲਕੀਤ ਸਿੰਘ ਉਰਫ ਕਿੱਟਾ ਵਾਸੀ ਪਿੰਡ ਭੈਣੀ ਅਤੇ ਹਰਦੀਪ ਸਿੰਘ ਉਰਫ ਮਾਮਾ ਵਾਸੀ ਪਿੰਡ ਅਕਲੀਆ ਜਲਾਲ (ਬਠਿੰਡਾ) ਵਜੋਂ ਦੱਸੀ ਗਈ ਹੈ। ਦੋਵੇਂ ਮੁਲਜ਼ਮ ਪੰਜਾਬ ਪੁਲੀਸ ਨੂੰ ਕਈ ਕੇਸਾਂ ਵਿੱਚ ਲੋੜੀਂਦੇ ਸਨ। ਜਾਣਕਾਰੀ ਅਨੁਸਾਰ ਇਨ੍ਹਾਂ ਦੇ ਕਬਜ਼ੇ ਵਿੱਚੋਂ ਸੱਤ ਪਿਸਤੌਲ, ਇੱਕ ਏਐਸਆਈ ਰੈਂਕ ਦੇ ਪੁਲੀਸ ਅਧਿਕਾਰੀ ਦੀ ਵਰਦੀ ਤੇ ਇਕ ਮੋਟਰਸਾਈਕਲ ਜ਼ਬਤ ਕੀਤਾ ਗਿਆ ਹੈ। ਮੁੱਢਲੀ ਜਾਂਚ ਤੋਂ ਪੁਲੀਸ ਨੂੰ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਗੋਲਡੀ ਬਰਾੜ ਦੇ ਨਿਰਦੇਸ਼ਾਂ ’ਤੇ ਜੈਸਲਮੇਰ ਵਿੱਚ ਰਾਜਸਥਾਨ ਦੇ ਗੈਂਗਸਟਰ ਕੈਲਾਸ਼ ਮੰਜੂ ਦੇ ਜ਼ਮਾਨਤ ’ਤੇ ਬਾਹਰ ਆਉਣ ਮਗਰੋਂ ਉਸ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ।