ਅਜੇ ਮਲਹੋਤਰਾ/ਡਾ. ਹਿਮਾਂਸ਼ੂ ਸੂਦ
ਸ੍ਰੀ ਫ਼ਤਹਿਗੜ੍ਹ ਸਾਹਿਬ, 29 ਜੂਨ
ਪੁਲੀਸ ਨੇ ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਸਮੇਤ ਵੱਖ-ਵੱਖ ਥਾਈਂ ਕਤਲ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਐੱਸਐੱਸਪੀ ਡਾ. ਰਵਜੋਤ ਗਰੇਵਾਲ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੁਲੀਸ ਨੇ ਬੀਤੀ 23 ਜੂਨ ਦੀ ਰਾਤ ਨੂੰ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਭੱਜ ਰਹੇ ਸਤਪਾਲ ਸਿੰਘ ਉਰਫ ਕਾਲਾ ਵਾਸੀ ਪਿੰਡ ਮੋਵਾਲ ਜ਼ਿਲ੍ਹਾ ਸੰਗਰੂਰ ਅਤੇ ਉਸ ਦੇ ਸਾਥੀ ਸੋਨੂੰ ਗੁੱਜਰ ਮੂਲ ਵਾਸੀ ਉੱਤਰ ਪ੍ਰਦੇਸ਼ ਨੂੰ ਖੋਹੇ ਹੋਏ ਮੋਬਾਈਲ ਫੋਨ ਸਮੇਤ ਗ੍ਰਿਫਤਾਰ ਕੀਤਾ ਸੀ। ਇਸ ਉਪਰੰਤ ਤਫਤੀਸ਼ ਦੌਰਾਨ ਖੁਲਾਸਾ ਹੋਇਆ ਕਿ ਇਨ੍ਹਾਂ ਵਿਅਕਤੀਆਂ ਨੇ ਹੀ ਲੁੱਟ-ਖੋਹ ਦੀ ਨੀਅਤ ਨਾਲ ਬੀਤੀ 23-24 ਮਈ ਦੀ ਦਰਮਿਆਨੀ ਰਾਤ ਨੂੰ ਫ਼ਤਹਿਗੜ੍ਹ ਸਾਹਿਬ ਦੇ ਬੱਸ ਅੱਡੇ ’ਚ ਰਹਿੰਦੇ ਬਬਲੀ ਨਾਮਕ ਵਿਅਕਤੀ ਦਾ ਕਥਿਤ ਤੌਰ ’ਤੇ ਕਤਲ ਕੀਤਾ ਸੀ।
ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਸਤਪਾਲ ਕਾਲਾ ਅਤੇ ਸੋਨੂੰ ਗੁੱਜਰ ਵੱਲੋਂ ਹੀ ਹੱਤਿਆਵਾਂ ਦੀਆਂ ਤਿੰਨ ਹੋਰ ਵਾਰਦਾਤਾਂ ਨੂੰ ਕਥਿਤ ਤੌਰ ’ਤੇ ਅੰਜਾਮ ਦਿੱਤਾ ਗਿਆ ਜਿਨ੍ਹਾਂ ਵਿੱਚ 2016 ’ਚ ਸਰਹਿੰਦ ਰੇਲਵੇ ਸਟੇਸ਼ਨ ਨਜ਼ਦੀਕ ਬਣੇ ਪਖਾਨਿਆਂ ’ਚ ਇੱਕ ਵਿਅਕਤੀ ਦਾ ਕੀਤਾ ਗਿਆ ਕਤਲ, ਸ੍ਰੀ ਕੀਰਤਪੁਰ ਸਾਹਿਬ ਵਿੱਚ ਇੱਕ ਵਿਅਕਤੀ ਦੀ ਹੱਤਿਆ ਅਤੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਇੱਕ ਵਿਅਕਤੀ ਦਾ ਕਤਲ ਸ਼ਾਮਲ ਹਨ।
ਉਨਾਂ ਦੱਸਿਆ ਕਿ ਮੁਲਜ਼ਮਾਂ ਨੇ ਲੁੱਟ-ਖੋਹ ਦੇ ਇਰਾਦੇ ਨਾਲ ਹੀ ਚਾਰਾਂ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।