ਜਗਮੋਹਨ ਸਿੰਘ
ਰੂਪਨਗਰ, 31 ਅਗਸਤ
ਜ਼ਿਲ੍ਹਾ ਰੂਪਨਗਰ ਪੁਲੀਸ ਨੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਮ ’ਤੇ ਲੋਕਾਂ ਨੂੰ ਧਮਕਾ ਕੇ ਫਿਰੌਤੀਆਂ ਮੰਗਣ ਦੇ ਦੋਸ਼ ਅਧੀਨ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਰੂਪਨਗਰ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਪੁਲੀਸ ਵੱਲੋਂ ਡੀਐਸਪੀ ਰੂਪਨਗਰ ਤਰਲੋਚਨ ਸਿੰਘ ਦੀ ਨਿਗਰਾਨੀ ਅਧੀਨ ਇੰਸਪੈਕਟਰ ਪਵਨ ਕੁਮਾਰ ਮੁੱਖ ਥਾਣਾ ਅਫਸਰ ਸਿਟੀ ਰੂਪਨਗਰ ਅਤੇ ਸੀਆਈਏ ਸਟਾਫ ਰੂਪਨਗਰ ਦੀ ਅਗਵਾਈ ਅਧੀਨ ਪੁਲੀਸ ਟੀਮ ਵੱਲੋਂ ਰਮਨਦੀਪ ਸਿੰਘ ਉਰਫ ਰਮਨ ਅਤੇ ਬਲਵਿੰਦਰ ਸਿੰਘ ਉਰਫ ਬਿੰਦਰੀ ਵਾਸੀਆਨ ਪਿੰਡ ਬੜੀ ਝੱਲੀਆਂ ਨੂੰ ਲੋਕਾਂ ਤੋਂ ਫਿਰੌਤੀਆਂ ਮੰਗਣ ਦੇ ਦੋਸ਼ ਅਧੀਨ ਕਾਬੂ ਕੀਤਾ ਹੈ। ਐਸਐਸਪੀ ਨੇ ਦੱਸਿਆ ਕਿ ਇਹ ਵਿਅਕਤੀ ਆਪਣੇ ਆਪ ਨੂੰ ਸਿੰਘਾ ਗੈਂਗਸਟਰ ਅਤੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਮੈਂਬਰ ਦੱਸ ਕੇ ਮੋਬਾਈਲ ਫੋਨ ਰਾਹੀਂ ਡਰਾ ਧਮਕਾ ਕੇ ਫਿਰੌਤੀ ਦੀ ਮੰਗ ਕਰਦੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੇ ਮੁਹਾਲੀ ਦੇ ਇੱਕ ਵਿਅਕਤੀ ਅਤੇ ਰੂਪਨਗਰ ਇਲਾਕੇ ਦੇ ਚਾਰ ਵਿਅਕਤੀਆਂ ਤੋਂ ਤਿੰਨ ਤਿੰਨ ਲੱਖ ਰੁਪਏ ਦੇਣ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਉਕਤ ਦੋਨੋਂ ਮੁਲਜ਼ਮਾਂ ਨੂੰ ਕਾਬੂ ਕਰਕੇ ਚੋਰੀ ਕੀਤੇ ਸਪਲੈਂਡਰ ਮੋਟਰਸਾਈਕਲ ਸਮੇਤ ਜਾਅਲੀ ਨੰਬਰ ਪਲੇਟ, ਖੋਹਿਆ ਹੋਇਆ ਮੋਬਾਈਲ ਫੋਨ, ਕਮਾਨੀਦਾਰ ਚਾਕੂ ਅਤੇ ਲਾਲ ਮਿਰਚਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਮੌਕੇ ਤੇ ਡੀਐਸਪੀ ਤਰਲੋਚਨ ਸਿੰਘ ਤੇ ਇੰਸਪੈਕਟਰ ਪਵਨ ਕੁਮਾਰ ਵੀ ਹਾਜ਼ਰ ਸਨ।