ਰਵੇਲ ਸਿੰਘ ਭਿੰਡਰ
ਪਟਿਆਲਾ, 25 ਮਾਰਚ
ਪੰਜਾਬੀ ਯੂਨੀਵਰਸਿਟੀ ਦੇ ਢਾਈ ਦਰਜਨ ਅਧਿਆਪਕਾਂ ਨੇ ਅੱਜ ਵਾਧੂ ਪ੍ਰਸ਼ਾਸਨਿਕ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ। ਉਧਰ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ), ਏ ਕਲਾਸ ਆਫੀਸਰਜ਼ ਐਸੋਸੀਏਸ਼ਨ ਅਤੇ ਬੀ ਅਤੇ ਸੀ ਕਲਾਸ ਐਸੋਸੀਏਸ਼ਨ ਵੱਲੋਂ ਅਧਿਆਪਕਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਮੰਗਾਂ ਲਈ ਸ਼ੁਰੂ ਕੀਤਾ ਧਰਨਾ ਅੱਜ ਲਗਾਤਾਰ ਅੱਠਵੇਂ ਦਿਨ ਵੀ ਜਾਰੀ ਰਿਹਾ। ਇਸ ਦੇ ਨਾਲ ਹੀ ਚੁਣੀਆਂ ਹੋਈਆਂ ਜੱਥੇਬੰਦੀਆਂ ਦੇ ਅਹੁਦੇਦਾਰਾਂ ਵੱਲੋਂ ਕੀਤੀ ਜਾ ਰਹੀ ਲੜੀਵਾਰ ਭੁੱਖ ਹੜਤਾਲ ਦਾ ਅੱਜ ਚੌਥਾ ਦਿਨ ਸੀ। ਅੱਜ ਭੁੱਖ ਹੜਤਾਲ ਵਿੱਚ ਡਾ. ਬਲਰਾਜ ਸਿੰਘ ਬਰਾੜ, ਮਨਦੀਪ ਸਿੰਘ ਚਾਹਲ ਅਤੇ ਸ੍ਰੀਦੇਵ ਰਿਸ਼ੀ ਹਾਂਡਾ ਬੈਠੇ।
ਪੂਟਾ ਵੱਲੋਂ ਆਪਣੀਆਂ ਮੰਗਾਾਂ ਦੇ ਨਿਪਟਾਰੇ ਲਈ ਯੂਨੀਵਰਸਿਟੀ ਪ੍ਰਸ਼ਾਸਨ ’ਤੇ ਦਬਾਅ ਪਾਉਣ ਵਾਸਤੇ ਵਿੱਢੇ ਸੰਘਰਸ਼ ਨੂੰ ਹੋਰ ਅੱਗੇ ਲਿਜਾਣ ਲਈ ਅਧਿਆਪਕਾਂ ਨੂੰ ਵਾਧੂ ਚਾਰਜ ਛੱਡਣ ਦੀ ਅਪੀਲ ਕੀਤੀ ਗਈ ਸੀ। ਅਪੀਲ ਦਾ ਅੱਜ ਯੂਨੀਵਰਸਿਟੀ ਕੈਂਪਸ ਅੰਦਰ ਵੱਡਾ ਅਸਰ ਪਿਆ। ਪੂਟਾ ਦੀ ਅਪੀਲ ’ਤੇ 28 ਅਧਿਆਪਕਾਂ ਨੇ ਵਾਧੂ ਵਾਧੂ ਪ੍ਰਸ਼ਾਸਨਿਕ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ। ਅਸਤੀਫ਼ੇ ਦੇਣ ਵਾਲਿਆਂ ਵਿੱਚ ਡੀਨ ਅਕਾਦਮਿਕ ਮਾਮਲੇ, ਰਜਿਸਟਰਾਰ, ਡੀਪੀਐੱਮ, ਡੀਨ ਕਾਲਜ ਵਿਕਾਸ ਕੌਂਸਲ, ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ, ਐਡੀਸ਼ਨਲ ਡੀਨ ਵਿਦਿਆਰਥੀ ਭਲਾਈ, ਕੋਆਰਡੀਨੇਟਰ ਡਾਇਸਪੋਰਾ, ਆਈਐੱਚਆਰਐੱਮਐੱਸ ਦੇ ਨੋਡਲ ਅਫਸਰ, ਡਾਇਰੈਕਟਰ ਆਈਕਿਊਏਸੀ, ਪ੍ਰੋਫੈਸਰ ਇੰਚਾਰਜ ਇੰਟਰਨਲ ਆਡਿਟ, ਡਿਪਟੀ ਕੋਆਰਡੀਨੇਟਰ, ਆਈਪੀਆਰ ਅਤੇ ਤਕਨਾਲੋਜੀ ਟ੍ਰਾਂਸਫਰ ਸੈੱਲ, ਲੀਗਲ ਅਡਵਾਇਜ਼ਰ, ਡਾਇਰੈਕਟਰ ਵਿਮੈਨ ਸੈੱਲ, ਵਾਰਡਨ ਭਗਤ ਪੂਰਨ ਸਿੰਘ ਹੋਸਟਲ, ਇੰਚਾਰਜ ਇਨਕੁਆਰੀ ਅਤੇ ਇਨਫਰਮੇਸ਼ਨ ਸੈਂਟਰ, ਐਡੀਨਸ਼ਨ ਡੀਨ ਅਲੂਮਨੀ, ਕੋਆਰਡੀਨੇਟਰ ਰੂਸਾ ਸਕੀਮ ਸ਼ਾਮਲ ਹਨ। ਇਸ ਤੋਂ ਇਲਾਵਾ ਅੱਠ ਵਿਭਾਗਾਂ ਦੇ ਮੁਖੀਆਂ ਨੇ ਵੀ ਮੁਖੀ ਦੇ ਅਹੁਦੇ ਤੋਂ ਅਸਤੀਫੇ ਦੇ ਦਿੱਤੇ ਹਨ।