ਗਗਨਦੀਪ ਅਰੋੜਾ
ਲੁਧਿਆਣਾ, 14 ਜੂਨ
ਸਥਾਨਕ ਪੁਲੀਸ ਨੇ ਇੱਕ ਵਪਾਰੀ ਤੋਂ ਕਰੋੜ ਰੁਪਏ ਦੀ ਮੰਗ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਅੱਜ ਗ੍ਰਿਫ਼ਤਾਰ ਕੀਤਾ ਗਿਆ ਹੈ। ਉਕਤ ਵਪਾਰੀ ਤੋਂ ਚਾਰ ਦਿਨ ਪਹਿਲਾਂ ਵਟਸਐਪ ਕਾਲ ਰਾਹੀਂ ਫਿਰੌਤੀ ਮੰਗੀ ਗਈ ਸੀ, ਜਿਸ ਮਗਰੋਂ ਪੁਲੀਸ ਨੇ ਇਸ ਮਾਮਲੇ ਦੀ ਜਾਂਚ ਆਰੰਭ ਦਿੱਤੀ ਸੀ। ਪੜਤਾਲ ਦੌਰਾਨ ਪੁਲੀਸ ਦੇ ਸਾਈਬਰ ਸੈੱਲ ਨੇ 2 ਮੁਲਜ਼ਮਾਂ ਦੀ ਪਛਾਣ ਕਰਕੇ ਅੱਜ ਉਨ੍ਹਾਂ ਨੂੰ ਕਾਬੂ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਬਿਹਾਰ ਦੇ ਜ਼ਿਲ੍ਹਾ ਛਪਰਾ ਵਾਸੀ ਅਫ਼ਜ਼ਲ ਅਬਦੁੱਲ੍ਹਾ ਤੇ ਛੱਤੀਸਗੜ੍ਹ ਦੇ ਬਿਲਾਸਪੁਰ ਸਥਿਤ ਦੀਨ ਦਿਆਲ ਕਲੋਨੀ ਦੇ ਵਸਨੀਕ ਸ਼ਕਤੀ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਦੋਵੇਂ ਮੁਲਜ਼ਮਾਂ ਕੋਲੋਂ 11.76 ਲੱਖ ਰੁਪਏ ਦੀ ਨਕਦੀ ਸਣੇ ਵੱਖ-ਵੱਖ ਕੰਪਨੀਆਂ ਦੇ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਮੁਲਜ਼ਮਾਂ ਨਾਲ ਸਬੰਧਤ 25 ਬੈਂਕ ਖਾਤਿਆਂ ਦੀ ਜਾਣਕਾਰੀ ਵੀ ਮਿਲੀ ਹੈ, ਜਿਨ੍ਹਾਂ ’ਚੋਂ ਪੰਜ ਖਾਤਿਆਂ ਦੀ ਜਾਂਚ ਦੌਰਾਨ ਇੱਕ ਕਰੋੜ ਤੋਂ ਵੱਧ ਰਕਮ ਦੀ ਟ੍ਰਾਂਜ਼ੈਕਸ਼ਨ ਹੋਣ ਦੀ ਪੁਸ਼ਟੀ ਹੋਈ ਹੈ। ਪੁਲੀਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਖ਼ੁਦ ਨੂੰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਬੰਦੇ ਦੱਸਦੇ ਸਨ ਤੇ ਉਨ੍ਹਾਂ ਦੇ ਨਾਮ ’ਤੇ ਹੀ ਲੋਕਾਂ ਨੂੰ ਫੋਨ ਕਰ ਕੇ ਧਮਕੀਆਂ ਦਿੰਦੇ ਤੇ ਫਿਰੌਤੀ ਮੰਗਦੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਧਮਕੀਆਂ ਭਰੇ ਫੋਨ ਕਰਨ ਸਣੇ ਹਥਿਆਰਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਭੇਜਦੇ ਸਨ।
ਹੁਣ ਇਕ ਡਾਕਟਰ ਨੂੰ ਮਿਲੀ ਫਿਰੌਤੀ ਲਈ ਧਮਕੀ
ਅੰਮ੍ਰਿਤਸਰ (ਟਨਸ): ਇਕ ਸਾਬਕਾ ਫੌਜੀ ਨੂੰ ਫਿਰੌਤੀ ਦੀ ਧਮਕੀ ਮਿਲਣ ਤੋਂ ਇਕ ਹਫ਼ਤੇ ਬਾਅਦ ਅੱਜ ਇਕ ਡਾਕਟਰ ਨੂੰ ਵੀ ਫਿਰੌਤੀ ਸਬੰਧੀ ਅਣਪਛਾਤੇ ਨੰਬਰ ਤੋਂ ਵਟਸਐਪ ’ਤੇ ਕਾਲ ਆਈ ਹੈ। ਜੰਮੂ ਕਸ਼ਮੀਰ ਨਾਲ ਸਬੰਧਤ ਡਾ. ਲਵ ਕੁਮਾਰ ਇੱਥੇ ਨਿੱਜੀ ਹਸਪਤਾਲ ਚਲਾਉਂਦਾ ਹੈ ਅਤੇ ਉਸ ਨੇ ਇਸ ਸਬੰਧੀ ਥਾਣਾ ਸਿਵਲ ਲਾਈਨ ’ਚ ਸ਼ਿਕਾਇਤ ਦਿੱਤੀ ਹੈ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ। ਇਸ ਦੌਰਾਨ ਅੱਜ ਥਾਣਾ ਵੱਲਾ ਦੀ ਪੁਲੀਸ ਨੇ ਅਜਿਹੇ ਹੀ ਮਾਮਲੇ ਵਿੱਚ ਤਿੰਨ ਵਿਅਕਤੀਆਂ ਸਿੰਪਲ ਸ਼ਰਮਾ, ਜਤਿੰਦਰ ਸਿੰਘ ਅਤੇ ਜਨਕ ਲਾਲ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਨੂੰ ਕੇਂਦਰੀ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਰੰਟ ’ਤੇ ਲਿਆਂਦਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਇਕ ਸੰਜੀਵ ਕੁਮਾਰ ਵਾਸੀ ਖੇਮਕਰਨ ਨੂੰ ਨਾਮਜ਼ਦ ਕੀਤਾ ਗਿਆ ਹੈ ਜੋ ਇਸ ਵੇਲੇ ਪੜ੍ਹਾਈ ਲਈ ਸਾਈਪਰਸ ਗਿਆ ਹੋਇਆ ਹੈ।